ਜਲੰਧਰ (ਸੁਰਿੰਦਰ ਕੁਮਾਰ)-ਇੱਥੇ ਮੰਗਲਵਾਰ ਬਾਅਦ ਦੁਪਹਿਰ 120 ਫੁੱਟੀ ਰੋਡ ’ਤੇ ਗਰੋਵਰ ਕਾਲੋਨੀ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਵਕੀਲ ਪਰਮਿੰਦਰ ਸਿੰਘ ਢੀਂਗਰਾ (40) ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਢੀਂਗਰਾ ਦਾ ਗੁਆਂਢੀ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਜੋ ਏਨਾ ਵਧ ਗਿਆ ਕਿ ਗੁਆਂਢੀ ਨੇ ਆਪਣੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਰੋਹ ਵਿੱਚ ਆਏ ਲੋਕਾਂ ਨੇ ਦੋਸ਼ ਲਾਇਆ ਕਿ ਜੇ ਪੁਲਸ ਵਕਤ ਸਿਰ ਪੁੱਜਦੀ ਤੇ ਹਸਪਤਾਲ ਪਹੁੰਚਾਉਦੀ ਤਾਂ ਉਨ੍ਹਾ ਨੂੰ ਬਚਾਇਆ ਜਾ ਸਕਦਾ ਸੀ। ਢੀਂਗਰਾ ਆਪਣੇ ਪਿੱਛੇ ਪਤਨੀ, ਦੋ ਧੀਆਂ, ਇੱਕ ਪੁੱਤਰ ਤੇ ਮਾਂ-ਬਾਪ ਛੱਡ ਗਏ ਹਨ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਦੋ ਜਣਿਆਂ ਨੂੰ ਫੜਿਆ ਗਿਆ ਹੈ। ਉਨ੍ਹਾ ਕਿਹਾ ਕਿ ਮੌਤ ਦਾ ਕਾਰਨ ਸਿਰਫ ਗੋਲੀ ਨਹੀਂ, ਕਿਉਕਿ ਗੋਲੀ ਲੱਗਣ ਤੋਂ ਬਾਅਦ ਢੀਂਗਰਾ ਪੌੜੀਆਂ ਤੋਂ ਸਿਰ ਪਰਨੇ ਡਿੱਗੇ। ਘਟਨਾ ਡੇਢ ਤੇ ਦੋ ਵਜੇ ਦਰਮਿਆਨ ਹੋਈ ਤੇ ਪੁਲਸ ਨੂੰ ਸੂਚਨਾ ਕਰੀਬ ਸਾਢੇ ਤਿੰਨ ਵਜੇ ਮਿਲੀ। ਪੁਲਸ ਅਧਿਕਾਰੀ ਪਰਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ।




