ਅਜੋਏ ਭਵਨ, ਨਵੀਂ ਦਿੱਲੀ
(ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਵੱਲੋਂ ਇੱਥੇ ਚੱਲ ਰਹੀ ਦੋ ਦਿਨਾ ਮੀਟਿੰਗ ਦੇ ਉਦਘਾਟਨੀ ਸੈਸ਼ਨ ਉਪਰੰਤ ਇਸ ਮੰਚ ਦੇ ਵੱਖ-ਵੱਖ ਪਹਿਲੂਆਂ ਦੀ ਚਰਚਾ ਹੋਈ। ਇਸ ਵਿਸਥਾਰਤ ਚਰਚਾ ਵਿੱਚ ਭਾਗ ਲੈਂਦਿਆਂ ਪਾਰਟੀ ਦੇ ਕੌਮੀ ਸਕੱਤਰ ਅਤੇ ਸੋਸ਼ਲ ਮੀਡੀਆ ਵਿਭਾਗ ਦੇ ਇੰਚਾਰਜ ਡਾ. ਭਾਲਚੰਦਰਾ ਕਾਂਗੋ ਨੇ ਉਹਨਾਂ ਮਸਲਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਉਠਾਉਣ ਨਾਲ ਸੋਸ਼ਲ ਮੀਡੀਆ ਦੀ ਸਾਰਥਿਕਤਾ ਨੂੰ ਤਾਕਤ ਮਿਲਦੀ ਹੈ। ਉਹਨਾ ਮਿਸਾਲ ਦਿੱਤੀ ਕਿ ਸਰਕਾਰ ਨੇ ਸ਼ਹਿਰਾਂ ਨੂੰ ਸਮਾਰਟ ਬਣਾਉਣ ਦਾ ਜ਼ੋਰਦਾਰ ਪ੍ਰਚਾਰ ਕੀਤਾ, ਬੇਤਹਾਸ਼ਾ ਪੈਸੇ ਖਰਚ ਕੀਤੇ। ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਸ਼ਹਿਰ ਸਮਾਰਟ ਬਣਾਏ ਗਏ ਤੇ ਉਹਨਾਂ ਦੀ ਜ਼ਮੀਨੀ ਹਕੀਕਤ ਕੀ ਹੈ। ਡਾਕਟਰ ਕਾਂਗੋ ਨੇ ਸੀ ਪੀ ਆਈ ਦੇ ਸੂਬਾ ਸਕੱਤਰਾਂ ਨੂੰ ਸੁਝਾਅ ਦਿੱਤਾ ਕਿ ਉਹ ਆਪੋ-ਆਪਣੀ ਭਾਸ਼ਾ ਵਿੱਚ ਟਵਿੱਟਰ ’ਤੇ ਕੰਮ ਕਰਨਾ ਯਕੀਨੀ ਬਣਾਉਣ। ਬੀਕਾਨੇਰ (ਰਾਜਸਥਾਨ) ਦੇ ਸੋਸ਼ਲ ਮੀਡੀਆ ਪ੍ਰਤੀਨਿਧ ਮਹੇਸ਼ ਜੋਸ਼ੀ ਨੇ ਕਿਹਾ ਕਿ ਬੇਸ਼ੱਕ ਸੋਸ਼ਲ ਮੀਡੀਆ ਤਾਕਤਵਰ ਮੰਚ ਹੈ ਪਰ ਇਹ ਅਫਵਾਹਾਂ ਫੈਲਾਉਣ ਦਾ ਵੀ ਜ਼ਰੀਆ ਬਣਦਾ ਹੈ। ਪਿ੍ਰੰਟ ਮੀਡੀਆ ਸਥਾਈ ਰੂਪ ਵਿੱਚ ਵਿਚਾਰ ਪੈਦਾ ਕਰਨ ਲਈ ਸਹਾਈ ਹੁੰਦਾ ਹੈ। ਹਰਿਆਣਾ ਦੇ ਪ੍ਰਤੀਨਿਧ ਡਾ. ਸੁਖਦੇਵ ਸਿੰਘ ਜੰਮੂ ਨੇ ਕਿਹਾ ਕਿ ਸੋਸ਼ਲ ਮੀਡੀਆ ਪ੍ਰਤੀ ਪ੍ਰਤੀਬੱਧਤਾ ਦੀ ਲੋੜ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਵੇਲੇ ਡਸਿਪਲਨ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਵਿਜੇਂਦਰ ਸਿੰਘ ਨਿਰਮਲ ਨੇ ਸੋਸ਼ਲ ਮੀਡੀਆ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਟ੍ਰੇਨਿੰਗ ਦੀ ਵਧੇਰੇ ਲੋੜ ਹੈ। ਉਹਨਾ ਕਿਹਾ ਕਿ ਸਿੱਖਣ ਲਈ ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ। ਭਾਰਤੀ ਔਰਤਾਂ ਦੀ ਕੌਮੀ ਫੈਡਰੇਸ਼ਨ ਦੀ ਆਗੂ ਈਸ਼ਾ ਸ਼ਰਮਾ ਨੇ ਸੋਸ਼ਲ ਮੀਡੀਆ ਦਾ ਮਹੱਤਵ ਦੱਸਦਿਆਂ ਰਵੀਸ਼ ਕੁਮਾਰ ਦਾ ਉਚੇਚ ਨਾਲ ਜ਼ਿਕਰ ਕੀਤਾ। ਉਹਨਾ ਕਿਹਾ ਕਿ ਯੂਟਿਊਬਰ ਦੇ ਤੌਰ ’ਤੇ ਉਹਨਾ ਪੈਸੇ ਕਮਾਉਣ ਦਾ ਵੀ ਉਪਰਾਲਾ ਕੀਤਾ, ਜੋ ਸਫਲ ਰਿਹਾ।ਸੀ ਪੀ ਆਈ ਦੇ ਸੋਸ਼ਲ ਮੀਡੀਆ ਵਿਭਾਗ ਵੱਲੋਂ ਬੁਲਾਈ ਦੋ ਦਿਨ ਦੀ ਇਕੱਤਰਤਾ ਦੇ ਦੂਸਰੇ ਦਿਨ ਦੀ ਸ਼ੁਰੂਆਤ ਮਹੱਤਵਪੂਰਨ ਤੇ ਮੁੱਲਵਾਨ ਗੱਲਾਂ ਨਾਲ ਹੋਈ। ਮੀਡੀਆ ਵਿਭਾਗ ਦੇ ਕੋਆਰਡੀਨੇਟਰ ਵਿਵੇਕ ਸ਼ਰਮਾ ਨੇ ਸ਼ੁਰੂਆਤ ਹੀ ਇਸ ਸੰਦੇਸ਼ ਤੋਂ ਕੀਤੀ ਕਿ ਸੋਸ਼ਲ ਮੀਡੀਆ ’ਤੇ ਪਾਈ ਗਈ ਹਰ ਪੋਸਟ ਪਾਰਟੀ ਦੀ ਸਾਂਝੀ ਸੁਰ ਦਰਸਾਵੇ। ਸਮਾਂਤਰ ਜਾਂ ਵਿਵਾਦਤ ਬਿਰਤਾਂਤ ਨਾ ਸਿਰਜਿਆ ਜਾਵੇ। ਇਸ ਭਾਵਨਾ ਦਾ ਪ੍ਰਗਟਾਵਾ ਦੂਸਰੇ ਦਿਨ ਦੀ ਵਰਕਸ਼ਾਪ ਵਿੱਚ ਹਰੇਕ ਬੁਲਾਰੇ ਨੇ ਕੀਤਾ।
ਵਰਕਸ਼ਾਪ ਦੀ ਸਫਲਤਾ ਲਈ ਪਾਰਟੀ ਜਨਰਲ ਸਕੱਤਰ ਡੀ. ਰਾਜਾ ਨੇ ਕੋਆਡੀਨੇਟਰ ਵਿਵੇਕ ਸ਼ਰਮਾ, ਪਾਰਟੀ ਆਗੂਆਂ ਅਤੇ ਵੱਖ-ਵੱਖ ਸੂਬਿਆਂ ਵਿੱਚੋਂ ਆਏ ਪ੍ਰਤਿਨਿਧਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਰਕਸ ਤੇ ਲੈਨਿਨ ਹੁਰਾਂ ਉਸ ਜ਼ਮਾਨੇ ਵਿੱਚ ਵੱਡਾ ਕੰਮ ਕਰ ਵਿਖਾਇਆ, ਜਦੋਂ ਤਕਨੀਕ ਏਨੀ ਵਿਕਸਤ ਨਹੀਂ ਸੀ। ਸਾਡੇ ਸਮਾਜ ਵਿੱਚ ਇਨਕਲਾਬੀ ਬਦਲਾਅ ਲਈ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਸਾਰਥਿਕ ਸਿੱਟੇ ਕੱਢ ਸਕਦਾ ਹੈ। ਉਹਨਾ ਕਿਹਾ ਕਿ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਗਏ ਕਿਸਾਨ ਅੰਦੋਲਨ ਦੀ ਸਫਲਤਾ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਮਹੱਤਵਪੂਰਨ ਸੀ। ਮੀਡੀਆ ਵਿਭਾਗ ਦੇ ਇੰਚਾਰਜ ਡਾ. ਕਾਂਗੋ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਕਮਿਊਨਿਸਟਾਂ ਦੀ ਛਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਜਿੱਥੇ ਕਮਿਊਨਿਸਟ ਮਨੁੱਖੀ ਕਦਰਾਂ-ਕੀਮਤਾਂ ਦੀ, ਸੱਭਿਅਤਾ ਦੀ ਗੱਲ ਕਰਦੇ ਹਨ, ਉੱਥੇ ਉਹ ਆਧੁਨਿਕ ਤਕਨੀਕ ਦੀ ਸਹੀ ਵਰਤੋਂ ਦੇ ਪੱਕੇ ਹਾਮੀ ਹਨ। ਅਸੀਂ ਜਾਣਦੇ ਹਾਂ ਤਕਨੀਕ ਪ੍ਰਗਤੀ ਦਾ ਰਾਹ ਖੋਲ੍ਹਦੀ ਹੈ।ਸਾਬਕਾ ਐੱਮ ਪੀ ਸਈਅਦ ਅਜ਼ੀਜ਼ ਪਾਸ਼ਾ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਦੇ ਸੋਸ਼ਲ ਮੀਡੀਆ ਦਾ ਮੰਤਵ ਹੈ ਕਿ ਕਮਿਊਨਿਸਟ ਫਲਸਫੇ ਨੂੰ ਲੋਕਾਂ ਦੀ ਸਮਝ ਆ ਸਕਣ ਦੀ ਭਾਸ਼ਾ ਵਿੱਚ ਲੋਕਾਂ ਤੱਕ ਲਿਜਾਇਆ ਜਾਵੇ। ਵਰਕਸ਼ਾਪ ਵਿੱਚ ਕਮਿਊਨਿਸਟ ਆਗੂ ਰਾਮ �ਿਸ਼ਨ ਪਾਂਡੇ, ਕਿਸਾਨ ਆਗੂ ਰਾਜਨ ਖੀਰ ਸਾਗਰ ਤੇ ਐਨੀ ਰਾਜਾ ਨੇ ਵੀ ਸੰਬੋਧਨ ਕੀਤਾ। ਦੋ ਦਿਨਾ ਵਰਕਸ਼ਾਪ ਵਿੱਚ ਪੰਜਾਬ ਤੋਂ ਮਨਿੰਦਰ ਸਿੰਘ ਭਾਟੀਆ, ਗੁਰਮੁਖ ਸਿੰਘ ਮਾਨਸਾ ਅਤੇ ਰਾਹੁਲ ਪਟਿਆਲਾ ਨੇ ਹਿੱਸਾ ਲਿਆ।


