ਆਪਣੀ ਆਦਤ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਪੇ੍ਰਸ਼ਨ ਸਿੰਧੂਰ’ ਦਾ ਸਿਆਸੀ ਲਾਹਾ ਲੈਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਉਨ੍ਹਾ ਗੁਜਰਾਤ ਦੇ ਦੋ ਦਿਨਾ ਦੌਰੇ ਦੇ ਪਹਿਲੇ ਦਿਨ ਸੋਮਵਾਰ ਫੌਜਾਂ ਦਾ ਸ਼ੁਕਰੀਆ ਕਰਨ ਲਈ ਵਡੋਦਰਾ, ਦਾਹੋਦ, ਭੁੱਜ ਤੇ ਅਹਿਮਦਾਬਾਦ ਵਿੱਚ ਰੈਲੀਆਂ ਤੇ ਰੋਡ ਸ਼ੋਅ ਕੀਤੇ। ਮੰਗਲਵਾਰ ਗਾਂਧੀਨਗਰ ਵਿੱਚ ਵੀ ਵੱਡਾ ਰੋਡ ਸ਼ੋਅ ਕੀਤਾ। ਇਸ ਦੌਰਾਨ ਕੀਤੀਆਂ ਗਈਆਂ ਤਕਰੀਰਾਂ ਤੋਂ ਸਾਫ ਨਜ਼ਰ ਆਇਆ ਕਿ ਫੌਜਾਂ ਦੀ ਬਹਾਦਰੀ ਦੀ ਗੱਲ ਕਰਦਿਆਂ ਉਹ ਅਸਲ ਵਿੱਚ ਆਪਣੀ ‘ਬਹਾਦਰੀ’ ਦਾ ਪ੍ਰਚਾਰ ਕਰ ਰਹੇ ਹਨ। ਦਾਹੋਦ ਵਿੱਚ ਕੀਤੀ ਪਹਿਲੀ ਰੈਲੀ ’ਚ ਉਨ੍ਹਾ ਕਿਹਾਆਤੰਕ ਫੈਲਾਨੇ ਵਾਲੋਂ ਨੇ ਸਪਨੇ ਮੇਂ ਭੀ ਨਹੀਂ ਸੋਚਾ ਹੋਗਾ ਮੋਦੀ ਸੇ ਮੁਕਾਬਲਾ ਕਰਨਾ ਕਿਤਨਾ ਮੁਸ਼ਕਿਲ ਹੋਤਾ ਹੈ। ਭੁੱਜ ਵਿੱਚ ਤਾਂ ਉਨ੍ਹਾ ਫਿਲਮੀ ਡਾਇਲਾਗ ਵਾਂਗ ਪਾਕਿਸਤਾਨ ਨੂੰ ਚਿਤਾਵਨੀ ਦਿੱਤੀਸੁਖ ਚੈਨ ਕੀ ਜ਼ਿੰਦਗੀ ਜੀਓ, ਰੋਟੀ ਖਾਓ…ਵਰਨਾ ਮੇਰੀ ਗੋਲੀ ਤੋ ਹੈ ਹੀ। ਦੱਸਿਆ ਜਾ ਰਿਹਾ ਹੈ ਕਿ ਉਹ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਸ਼ੋਅ ਕਰਨਗੇ। ਇਸੇ ਹਫਤੇ ਉਹ ਯੂ ਪੀ ਤੇ ਬਿਹਾਰ (ਜਿੱਥੇ ਸਾਲ ਦੇ ਅਖੀਰ ਵਿੱਚ ਅਸੈਂਬਲੀ ਚੋਣਾਂ ਹਨ) ਦੇ ਦੌਰੇ ’ਤੇ ਜਾ ਰਹੇ ਹਨ। ਉਨ੍ਹਾ ਦੇ ਕਾਨਪੁਰ ਤੇ ਪਟਨਾ ਵਿੱਚ ਵੀ ਰੋਡ ਸ਼ੋਅ ਕਰਨ ਦੀ ਸੰਭਾਵਨਾ ਹੈ।
ਦਾਹੋਦ ਵਿੱਚ ਮੋਦੀ ਨੇ ਇਹ ਵੀ ਕਿਹਾ ਕਿ ਮਹਿਲਾਵਾਂ ਨੇ ਉਨ੍ਹਾ ਨੂੰ ਫੌਜਾਂ ਨੂੰ ਵਧਾਈ ਦੇਣ ਲਈ ‘ਸੰਦੇਸ਼ਵਾਹਕ’ ਵਜੋਂ ਚੁਣਿਆ ਹੈ। ਜੇ ਕਿਸੇ ਨੇ ਸਾਡੀਆਂ ਭੈਣਾਂ ਦਾ ਸਿੰਧੂਰ ਉਜਾੜਿਆ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦਹਿਸ਼ਤਗਰਦਾਂ ਨੇ 140 ਕਰੋੜ ਭਾਰਤੀਆਂ ਨੂੰ ਵੰਗਾਰਿਆ ਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਚੁੱਪ ਨਹੀਂ ਰਹਿ ਸਕਦੇ ਸਨ। ਇਸੇ ਤਰ੍ਹਾਂ ਹੀ ਲੰਘੇ ਵੀਰਵਾਰ ਰਾਜਸਥਾਨ ਦੇ ਬੀਕਾਨੇਰ ਵਿੱਚ ਰੈਲੀ ਦੌਰਾਨ ਉਨ੍ਹਾ ਕਿਹਾ ਸੀ ਕਿ ਉਨ੍ਹਾ ਦੀਆਂ ਰਗਾਂ ਵਿੱਚ ਲਹੂ ਨਹੀਂ ਗਰਮ ਸਿੰਧੂਰ ਵਹਿ ਰਿਹਾ ਹੈ। ਲਹੂ ਵਿੱਚ ਸਿੰਧੂਰ ਤੇ ਉਹ ਵੀ ਗਰਮਾ-ਗਰਮ ਸਿੰਧੂਰ ਦਾ ਹੋਣਾ ਇੱਕਦਮ ਨਵੀਂ ਗੱਲ ਹੈ। ਸਿੰਧੂਰ ਲੈੱਡ ਆਕਸਾਈਡ, ਸਿੰਥੈਟਿਕ ਡਾਈ, ਸਲਫਿਊਰਿਕ ਐਸਿਡ ਤੋਂ ਬਣਿਆ ਮਰਕਰੀ ਸਲਫੇਟ ਹੁੰਦਾ ਹੈ, ਜਿਸ ਵਿੱਚ ਲਾਲ ਕੱਚਾ ਸ਼ੀਸ਼ਾ ਘੁਲਿਆ-ਮਿਲਿਆ ਹੁੰਦਾ ਹੈ। ਵਿਗਿਆਨ ਦੇ ਹਿਸਾਬ ਨਾਲ ਮਨੁੱਖ ਦੇ ਸਰੀਰ ਵਿੱਚ ਇਸ ਦੀ ਜ਼ਰਾ ਜਿੰਨੀ ਮਾਤਰਾ ਵੀ ਪੁੱਜ ਜਾਵੇ ਤਾਂ ਮਾਨਸਿਕ ਸੰਤੁਲਨ ਹਮੇਸ਼ਾ ਲਈ ਵਿਗਾੜ ਸਕਦੀ ਹੈ, ਪਰ ਵਿਗਿਆਨ ਦੇ ਨਿਯਮ ਹੱਡ-ਮਾਸ ਦੇ ਪ੍ਰਾਣੀਆਂ ਲਈ ਹੁੰਦੇ ਹਨ, ਨਾਨ-ਬਾਇਲੋਜੀਕਲ ਲੋਕਾਂ ਲਈ ਨਹੀਂ, ਮੋਦੀ ਜੀ ਲਈ ਤਾਂ ਕਤਈ ਨਹੀਂ। ਉਹ ਦੇਸ਼ ਦੇ ਹੁਣ ਤੱਕ ਦੇ ਇੱਕੋ-ਇੱਕ ਤੇ ਦੁਨੀਆ ਦੇ ਉਨ੍ਹਾਂ ਗਿਣੇ-ਚੁਣੇ ਆਗੂਆਂ ਵਿੱਚੋਂ ਇੱਕ ਹਨ, ਜਿਨ੍ਹਾਂ ਲਈ ਆਪਦਾ ਵਿੱਚ ਅਵਸਰ ਹੁੰਦਾ ਹੈ, ਹਰ ਆਪਦਾ ਇੱਕ ਅਵਸਰ ਹੁੰਦੀ ਹੈ। ਜ਼ਿਆਦਾ ਸਹੀ ਇਹ ਹੋਵੇਗਾ ਕਿ ਉਨ੍ਹਾ ਲਈ ਆਪਦਾਵਾਂ ਹੀ ਅਵਸਰ ਹਨ। ਉਨ੍ਹਾ ਦੀ ਇੱਕ ਹੋਰ ਖਾਸੀਅਤ ਹਰ ਵੇਲੇ ਚੋਣਾਂ ਵਾਲੇ ਰੌਂਅ ਵਿੱਚ ਰਹਿਣ ਦੀ ਹੈ। ਇਸ ਹਿਸਾਬ ਨਾਲ ਆਪਦਾ ਦੇਸ਼ ਤੇ ਲੋਕਾਂ ਲਈ ਜਿੰਨੀ ਵੱਡੀ ਹੁੰਦੀ ਹੈ, ਮੋਦੀ ਤੇ ਉਨ੍ਹਾ ਦੇ ਕੁਨਬੇ ਲਈ ਚੋਣ ਜਿੱਤਣ ਦੀ ਸੰਭਾਵਨਾ ਵਧਾਉਣ ਦਾ ਓਨਾ ਹੀ ਵੱਡਾ ਅਵਸਰ ਹੁੰਦੀ ਹੈ। 14 ਫਰਵਰੀ 2019 ਨੂੰ ਕਸ਼ਮੀਰ ਦੇ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ 40 ਜਵਾਨਾਂ ਦੇ ਮਾਰੇ ਜਾਣ ਦੇ ਛੇ ਦਿਨ ਵੀ ਨਹੀਂ ਲੰਘੇ ਸਨ ਕਿ ਮੋਦੀ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀਆਂ ਸ਼ਹਾਦਤਾਂ ਦਾ ਫਾਇਦਾ ਉਠਾਉਣ ਨਿਕਲ ਪਏ ਸਨ। ਉਨ੍ਹਾ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪੁਲਵਾਮਾ ਦੇ ਸ਼ਹੀਦਾਂ ਦੇ ਨਾਂਅ ਭਾਜਪਾ ਦੇ ਹੱਕ ਵਿੱਚ ਭੁਗਤਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਹੁਣ ਪਹਿਲਗਾਮ ਦੀ ਤ੍ਰਾਸਦੀ ਦੇ ਕੁਝ ਦਿਨ ਬਾਅਦ ਉਹ ਫਿਰ ਉਸੇ ਰਾਹ ’ਤੇ ਨਿਕਲ ਪਏ ਹਨ, ਪਰ ਇਸ ਵਾਰ ਉਹ ਗਲਤੀ ਕਰ ਰਹੇ ਹਨ, ਕਿਉਕਿ ਭਾਰਤ ਦੇ ਲੋਕ ਪੁਲਵਾਮਾ ਨੂੰ ਭੁੱਲੇ ਨਹੀਂ ਹਨ, ਸਗੋਂ ਪਹਿਲਗਾਮ ਦੇ ਬਾਅਦ ਉਸ ਨੂੰ ਹੋਰ ਸ਼ਿੱਦਤ ਨਾਲ ਯਾਦ ਕਰ ਰਹੇ ਹਨ। ਉਹ ਹੁਣ ਫੌਜ ਦੇ ਨਾਂਅ ’ਤੇ ਵੋਟਾਂ ਨਹੀਂ ਪਾਉਣਗੇ।



