ਮੰਤਰੀ ਖਿਲਾਫ ਹਾਈ ਕੋਰਟ ਦੀ ਕਾਰਵਾਈ ਬੰਦ

0
124

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਰਾਜ ਮੰਤਰੀ ਵਿਜੈ ਸ਼ਾਹ ਵਿਰੁੱਧ ਭਾਰਤੀ ਫੌਜ ਦੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਟਿੱਪਣੀ ਲਈ ਕਾਰਵਾਈ ਬੰਦ ਕਰਨ ਦਾ ਆਦੇਸ਼ ਦਿੱਤਾ ਅਤੇ ਕਿਹਾ ਕਿ ਉਹ ਹੁਣ ਖੁਦ ਇਸ ਮਾਮਲੇ ਦੀ ਜਾਂਚ ਕਰਵਾ ਰਹੀ ਹੈ। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਉਸ ਦੇ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਵਿੱਚ ਗਠਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਸਥਿਤੀ ਰਿਪੋਰਟ ਮੰਗੀ ਹੈ। ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਸਿੱਟ ਨੇ ਕੁਝ ਯੰਤਰ ਜ਼ਬਤ ਕਰ ਲਏ ਹਨ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਚ ਨੂੰ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੂਚਿਤ ਕੀਤਾ ਕਿ ਮੰਤਰੀ ਵਿਰੁੱਧ ਹਾਈ ਕੋਰਟ ਦੇ ਸਾਹਮਣੇ ਸਮਾਂਤਰ ਕਾਰਵਾਈਆਂ ਚੱਲ ਰਹੀਆਂ ਹਨ। ਬੈਂਚ ਨੇ ਕਿਹਾ ਕਿ ਕਿਉਂਕਿ ਸੁਪਰੀਮ ਕੋਰਟ ਹੁਣ ਮਾਮਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਚੁੱਕੀ ਹੈ, ਇਸ ਲਈ ਹਾਈ ਕੋਰਟ ਦੇ ਸਾਹਮਣੇ ਕਾਰਵਾਈਆਂ ਬੰਦ ਹੋ ਗਈਆਂ ਹਨ। ਬੈਂਚ ਨੇ 19 ਮਈ ਨੂੰ ਪਾਸ ਕੀਤੇ ਗਏ ਅੰਤਰਮ ਹੁਕਮ, ਜਿਸ ਵਿੱਚ ਸ਼ਾਹ ਦੀ ਗਿ੍ਰਫਤਾਰੀ ’ਤੇ ਰੋਕ ਸ਼ਾਮਲ ਹੈ, ਨੂੰ ਵਧਾ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਦੇ ਦੂਜੇ ਹਫਤੇ ਹੋਵੇਗੀ। ਬੈਂਚ ਨੇ ਕਿਹਾ ਉਹ ਇਸ ਮੁੱਦੇ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੁੰਦੀ।