ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ’ਤੇ ਦੇਸ਼ ਭਗਤ ਹਾਲ ’ਚ ਪਈਆਂ ਗ਼ਦਰੀ ਗੂੰਜਾਂ

0
112

ਜਲੰਧਰ : ਸਾਡੇ ਮੁਲਕ ਦੀ ਇਨਕਲਾਬੀ ਲਹਿਰ ਦੇ ਬੌਧਿਕ ਅੰਬਰ ਦੇ ਸਿਤਾਰੇ ਅਤੇ ਕਰਾਂਤੀ ਦੇ ਮਘਦੇ ਸੂਰਜ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ਮੌਕੇ ਬੁੱਧਵਾਰ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ (ਘਾਹ ਪਾਰਕ), ਪ੍ਰਮੁੱਖ ਪ੍ਰਵੇਸ਼ ਦੁਆਰ ਦੇ ਨਾਲ ਆਧੁਨਿਕ ਸਾਊਂਡ ਸਿਸਟਮ ਲਗਾਇਆ ਗਿਆ, ਜਿਸ ਵਿੱਚ ਹਰ ਰੋਜ਼ ਸ਼ਾਮ ਸਵੇਰੇ ਗ਼ਦਰੀ ਗੂੰਜਾਂ ਅਤੇ ਲੋਕ-ਪੱਖੀ ਗੀਤ ਸੰਗੀਤ ਦੀ ਰਸਭਿੰਨੀ ਆਵਾਜ਼ ਜ਼ਿੰਦਗੀ ਨੂੰ ਨਵੀਂ ਪਰਵਾਜ਼ ਭਰਨ ਲਈ ਪ੍ਰੇਰਨਾਦਾਇਕ ਹੋਏਗੀ। ਗੀਤ-ਸੰਗੀਤ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੱਗਦੇ ਮੇਲੇ, ਹੋਰ ਸਮਾਗਮਾਂ ਮੌਕੇ ਵੀ ਸੂਚਨਾਵਾਂ ਦਾ ਕੰਟਰੋਲ ਰੂਮ ਹੋਏਗਾ। ਅੱਜ ਭਗਵਤੀ ਚਰਨ ਵੋਹਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਕੀਤਾ ਗਿਆ ਇਹ ਸਾਊਂਡ ਪ੍ਰੋਜੈਕਟ। ਕਮੇਟੀ ਦਾ ਕਹਿਣਾ ਹੈ ਕਿ ‘ਗ਼ਦਰੀ ਗੂੰਜਾਂ’ ਦੇ ਇਸ ਪ੍ਰੋਜੈਕਟ ਵਿੱਚ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਹੁਰੀਂ ਵਿਸ਼ੇਸ਼ ਯੋਗਦਾਨ ਲਈ ਵਧਾਈ ਦੇ ਪਾਤਰ ਹਨ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਹੋਈ ਵਿਚਾਰ-ਚਰਚਾ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਮੁਲਕ ਦੀ ਭਟਕੀ ਜੁਆਨੀ ਲਈ ਮਾਰਗ ਦਰਸ਼ਕ ਹੈ ਵੋਹਰਾ ਦਾ ਸੰਗਰਾਮੀ ਸਫ਼ਰ। ਉਹਨਾ ਕਿਹਾ ਕਿ ਪੜ੍ਹਨ, ਅਧਿਐਨ ਕਰਨ ਅਤੇ ਥਿਊਰੀ ਨੂੰ ਅਮਲ ਵਿੱਚ ਲਾਗੂ ਕਰਨ ਦਾ ਦੂਜਾ ਨਾਂਅ ਭਗਵਤੀ ਚਰਨ ਵੋਹਰਾ ਹੈ। ਕਮੇੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਜੀਵਨ ਸਾਥਣ ਦੁਰਗਾ ਭਾਬੀ ਵੱਲੋਂ ਭਗਤ ਸਿੰਘ ਅਤੇ ਰਾਜਗੁਰੂ ਨੂੰ ਲਾਹੌਰ ਤੋਂ ਸੂਹੀਆ ਤੰਤਰ ਤੋਂ ਅੱਖ ਬਚਾ ਕੇ ਰੇਲ ਗੱਡੀ ਰਾਹੀਂ ਕਲਕੱਤਾ ਲੈ ਕੇ ਜਾਣਾ ਇਹ ਦਰਸਾਉਂਦਾ ਹੈ ਕਿ ਗ਼ਦਰੀ ਗੁਲਾਬ ਕੌਰ ਦੀਆਂ ਵਾਰਸ ਵੀਰਾਂਗਣਾਂ ਸਮੇਂ-ਸਮੇਂ ਇਨਕਲਾਬੀ ਲਹਿਰਾਂ ਦੀ ਅਗਲੀ ਕਤਾਰ ਵਿੱਚ ਰਹੀਆਂ ਹਨ ਅਤੇ ਰਹਿਣਗੀਆਂ।
ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਅਜਿਹੀਆਂ ਸਖ਼ਸ਼ੀਅਤਾਂ ਇਤਿਹਾਸ ਦੇ ਅਨਮੋਲ ਹੀਰੇ ਹੋਇਆ ਕਰਦੀਆਂ ਨੇ। ਨੌਜਵਾਨ ਭਾਰਤ ਸਭਾ ਅੰਦਰ ਭਗਵਤੀ ਚਰਨ ਵੋਹਰਾ ਦੀਆਂ ਅਨੇਕਾਂ ਪੈੜਾਂ ਅਜੇ ਲੋਕਾਂ ਦੀ ਨਜ਼ਰ ਆਉਣ ਵਾਲੀਆਂ ਹਨ। ਕਮੇਟੀ ਦੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਕਿਹਾ ਕਿ ਭਗਵਤੀ ਚਰਨ ਵੋਹਰਾ ਨੂੰ ਹਕੀਕੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਅੱਜ ਚੜ੍ਹਦੇ ਸੂਰਜ ਕਤਲ ਕੀਤੇ ਜਾ ਰਹੇ ਆਦਿਵਾਸੀਆਂ, ਮਾਓਵਾਦੀਆਂ ਦੇ ਹੱਕ ’ਚ ਆਵਾਜ਼ ਬੁਲੰਦ ਕਰੀਏ। ਇਹ ਇਨਕਲਾਬੀ ਸਾਡੇ ਅੱਜ ਦੇ ਭਗਵਤੀ ਚਰਨ ਵੋਹਰਾ ਅਤੇ ਭਗਤ, ਸਰਾਭੇ ਨੇ। ਉਹਨਾਂ ਕਿਹਾ ਕਿ ਭਾਜਪਾ ਦੇ ਮੋਦੀ, ਅਮਿਤ ਸ਼ਾਹ ਨੂੰ ਕਤਲਾਂ ਦਾ ਲਾਇਸੈਂਸ ਕਿਸ ਨੇ ਦਿੱਤਾ ਹੈ, ਸਾਨੂੰ ਡਟ ਕੇ ਬੋਲਣ ਦੀ ਲੋੜ ਹੈ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਭਗਵਤੀ ਚਰਨ ਵੋਹਰਾ ਅਤੇ ਭਗਤ ਸਿੰਘ ਦੇਖਣ ਨੂੰ ਹੀ ਦੋ ਸਨ, ਇਨ੍ਹਾਂ ਵਿੱਚ ਇਕੋ ਜਿੰਦੜੀ ਸਨ। ਬੌਧਿਕ ਅਤੇ ਅਮਲ ਦੇ ਖੇਤਰ ਦੇ ਧਰੂ ਤਾਰਿਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਸਾਨੂੰ ਉਹਨਾਂ ਦੇ ਜੀਵਨ ਤੋਂ ਸਬਕ ਗ੍ਰਹਿਣ ਕਰਨ ਦੀ ਲੋੜ ਹੈ। ਵੋਹਰਾ ਨੂੰ ਆਪਣੇ ਜੀਵਨ ਸਫ਼ਰ ’ਚ ਨਿਰਮੂਲ ਦੋਸ਼ ਵੀ ਸੁਣਨੇ ਪਏ, ਪਰ ਉਹਨਾਂ ਦੀ ਸ਼ਹਾਦਤ ਨੇ ਹਕੀਕਤ ਦੀ ਰੌਸ਼ਨੀ ਬਿਖੇਰ ਦਿੱਤੀ। ਇਸ ਮੌਕੇ ਕਮੇਟੀ ਮੈਂਬਰ ਗੁਰਮੀਤ, ਰਣਜੀਤ ਸਿੰਘ ਔਲਖ, ਦੇਸ਼ ਭਗਤ ਹਾਲ ਦੇ ਸਟਾਫ਼ ਮੈਂਬਰ ਅਤੇ ਵੱਖ-ਵੱਖ ਮਜ਼ਦੂਰ, ਕਿਸਾਨ, ਔਰਤ ਜਥੇਬੰਦੀਆਂ ’ਚ ਕੰਮ ਕਰਦੇ ਕਾਰਕੁਨ ਜਸਬੀਰ ਜੱਸੀ, ਕਸ਼ਮੀਰ ਘੁੱਗਸ਼ੋਰ, ਤਰਸੇਮ ਪੀਟਰ, ਨਿਰਭੈ ਢੁੱਡੀਕੇ ਹਾਜ਼ਰ ਸਨ।