ਦੋਰਾਹਾ : ਇੱਥੇ ਨੇੜੇ ਪੈਂਦੀ ਅੜੈਚਾਂ ਕਲੋਨੀ ਵਿੱਚ ਟੀ ਵੀ ਸੀਰੀਅਲ ਸੀ ਆਈ ਡੀ ਦੀ ਨਕਲ ਕਰਦਿਆਂ 13 ਸਾਲਾ ਬੱਚੀ ਜਾਨ ਗੁਆ ਬੈਠੀ। ਅੱਠਵੀਂ ਜਮਾਤ ਦੀ ਵਿਦਿਆਰਥਣ ਅਨੀਤਾ ਦਾ ਪਰਵਾਰ ਪਿੱਛੋਂ ਬਿਹਾਰ ਨਾਲ ਸੰਬੰਧਤ ਹੈ ਤੇ ਪਿਛਲੇ ਛੇ ਮਹੀਨੇ ਤੋਂ ਇੱਥੇ ਰਹਿ ਰਿਹਾ ਹੈ। ਮਿ੍ਰਤਕਾ ਦੇ ਪਿਤਾ ਰਾਜ ਬਲਵ ਨੇ ਦੱਸਿਆ ਕਿ ਉਹ ਸ਼ਾਮ ਸਮੇਂ ਬਾਜ਼ਾਰ ਕਿਸੇ ਕੰਮ ਗਏ ਸਨ ਅਤੇ ਅਨੀਤਾ ਆਪਣੇ ਭਰਾ ਤੇ ਗੁਆਂਢੀਆਂ ਦੇ ਬੱਚਿਆਂ ਨਾਲ ਘਰ ਵਿੱਚ ਸੀ ਆਈ ਡੀ ਦੇਖ ਰਹੀ ਸੀ। ਇਸ ਦੌਰਾਨ ਬੱਚੇ ਨਾਟਕ ਦੇ ਇੱਕ ਸੀਨ ਦੀ ਨਕਲ ਕਰਨ ਲੱਗੇ ਅਤੇ ਅਨੀਤਾ ਇੱਕ ਤਾਰ ਪੱਖੇ ਨਾਲ ਬੰਨ੍ਹ ਕੇ ਆਪਣੇ ਗਲੇ ਵਿਚ ਪਾ ਕੇ ਮੇਜ਼ ’ਤੇ ਚੜ੍ਹ ਗਈ। ਇਸੇ ਦੌਰਾਨ ਮੇਜ਼ ਟੁੱਟ ਗਿਆ ਅਤੇ ਉਹ ਲਟਕ ਗਈ। ਇਹ ਦੇਖ ਕੇ ਬੱਚੇ ਘਬਰਾ ਗਏ ਅਤੇ ਅਨੀਤਾ ਨੂੰ ਬਚਾਉਣ ਲਈ ਰੌਲਾ ਪਾਇਆ। ਉਨ੍ਹਾਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਜਦੋਂ ਬੱਚੀ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ ਤਾਂ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਅੱਜ ਪੰਜ ਜ਼ਿਲ੍ਹਿਆਂ ’ਚ ਮੌਕ ਡਰਿੱਲ
ਜਲੰਧਰ : ਅਪ੍ਰੇਸ਼ਨ ਸਿੰਧੂਰ ਤਹਿਤ ਪੰਜਾਬ ਸਮੇਤ ਦੇਸ਼ ਦੇ ਚਾਰ ਸੂਬਿਆਂ ਰਾਜਸਥਾਨ, ਗੁਜਰਾਤ, ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਵੀਰਵਾਰ ਮੌਕ ਡਰਿੱਲ ਹੋਵੇਗੀ। ਪੰਜਾਬ ਦੇ ਪਠਾਨਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ ਤੇ ਅੰਮਿ੍ਰਤਸਰ ’ਚ ਮੌਕ ਡਰਿੱਲ ਕੀਤੀ ਜਾਵੇਗੀ।
ਸ਼ੇਰਨੀ ਦੋ ਚਟਾਨਾਂ ’ਚ ਫਸ ਕੇ ਮਰੀ
ਮੰਡਲਾ : ਮੱਧ ਪ੍ਰਦੇਸ਼ ਦੇ ਕਾਨਹਾ ਰਾਸ਼ਟਰੀ ਪਾਰਕ ਵਿੱਚ ਇੱਕ ਪਹਾੜੀ ’ਤੇ ਦੋ ਚਟਾਨਾਂ ਵਿਚਕਾਰਲੀ ਥਾਂ ਵਿੱਚ ਫਸਣ ਤੋਂ ਬਾਅਦ ਇੱਕ ਸ਼ੇਰਨੀ ਦੀ ਮੌਤ ਹੋ ਗਈ। 8 ਤੋਂ 10 ਸਾਲ ਦੀ ਸ਼ੇਰਨੀ ਮੰਗਲਵਾਰ ਕਾਨਹਾ ਜੰਗਲਾਤ ਰੇਂਜ ਵਿੱਚ ਮੁੰਡੀ ਦਾਦਰ ਬੀਟ ਦੇ ਹੇਠਾਂ ਮਰੀ ਮਿਲੀ। ਬਹੁਤ ਕੋਸ਼ਿਸ਼ਾਂ ਤੋਂ ਬਾਅਦ ਲਾਸ਼ ਨੂੰ ਮੌਕੇ ਤੋਂ ਕੱਢਿਆ ਗਿਆ।


