ਝੋਨੇ ਦੀ ਐੱਮ ਐੱਸ ਪੀ ’ਚ ਸਿਰਫ਼ 69 ਰੁਪਏ ਦਾ ਵਾਧਾ

0
161

ਨਵੀਂ ਦਿੱਲੀ : ਸਰਕਾਰ ਨੇ ਮੌਜੂਦਾ ਸਾਉਣੀ ਸੀਜ਼ਨ ਲਈ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਬੁੱਧਵਾਰ 3 ਫੀਸਦੀ ਵਧਾ ਕੇ 2369 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਆਰਥਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਇਸ ਬਾਰੇ ਫੈਸਲਾ ਲਿਆ ਗਿਆ। ਆਮ ਤੇ ਏ ਗਰੇਡ ਦੀਆਂ ਕਿਸਮਾਂ ਲਈ ਸਮਰਥਨ ਮੁੱਲ 2025-26 ਫਸਲੀ ਸਾਲ (ਜੁਲਾਈ-ਜੂਨ) ਦੇ ਅਗਾਮੀ ਸਾਉਣੀ ਸੀਜ਼ਨ ਲਈ 69 ਰੁਪਏ ਵਧਾ ਕੇ ਕ੍ਰਮਵਾਰ 2369 ਤੇ 2389 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਾਉਣੀ ਸੀਜ਼ਨ ਲਈ ਤੂਰ ਦੀ ਐੈੱਮ ਐੱਸ ਪੀ 450 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਕੁਇੰਟਲ, ਮਾਂਹ ਦੀ ਦਾਲ ਦੀ 400 ਰੁਪਏ ਵਧਾ ਕੇ 7800 ਰੁਪਏ ਤੇ ਮੂੰਗ ਦੀ 86 ਰੁਪਏ ਵਧਾ ਕੇ 8768 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮਤਿਲ, ਰਾਗੀ, ਕਪਾਹ ਤੇ ਸੇਸਮ (ਤਿਲ) ਲਈ ਐੱਮ ਐੱਸ ਪੀ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਵਾਧੇ ਦੀ ਸਿਫਾਰਸ਼ ਕੀਤੀ ਗਈ ਹੈ। ਸਾਉਣੀ ਫਸਲਾਂ ਦੇ 2025-26 ਲਈ ਐੱਮ ਐੱਸ ਪੀ ਵਿੱਚ ਵਾਧਾ ਕੇਂਦਰੀ ਬਜਟ 2018-19 ਮੁਤਾਬਕ ਹੈ, ਜਿਸ ਵਿੱਚ ਐੱਮ ਐੱਸ ਪੀ ਨੂੰ ਉਤਪਾਦਨ ਲਾਗਤ ਦੇ ਘੱਟੋ-ਘੱਟ ਡੇਢ ਗੁਣਾ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।