ਚੰਡੀਗੜ੍ਹ : ਫਾਜ਼ਿਲਕਾ ਵਿੱਚ ਫੋਨ ਵਿਚਲੇ ਕੁਝ ਵੀਡੀਓਜ਼ ਲਈ ਨਾਬਾਲਗ ਮੁੰਡੇ ਤੋਂ ਰਿਸ਼ਵਤ ਲੈਣ ਵਾਲੇ ਚਾਰ ਪੁਲਸ ਮੁਲਾਜ਼ਮਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਿ੍ਰਫਤਾਰ ਕੀਤੇ ਜਾਣ ਤੋਂ ਇੱਕ ਦਿਨ ਮਗਰੋਂ ਪੰਜਾਬ ਸਰਕਾਰ ਨੇ ਬੁੱਧਵਾਰ ਇਸੇ ਵੱਢੀ ਕੇਸ ਵਿੱਚ ਫਾਜ਼ਿਲਕਾ ਦੇ ਐੱਸ ਐੱਸ ਪੀ ਵਰਿੰਦਰ ਬਰਾੜ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਮੁਅੱਤਲੀ ਦਾ ਕਾਰਨ ਪਤਾ ਨਹੀਂ ਲੱਗਾ, ਪਰ ਇਹ ਕਾਰਵਾਈ ਜ਼ਿਲ੍ਹੇ ਵਿੱਚ ਕੁਰੱਪਸ਼ਨ ’ਤੇ ਕੰਟਰੋਲ ਨਾ ਕਰ ਸਕਣ ਕਾਰਨ ਕੀਤੀ ਗਈ ਲਗਦੀ ਹੈ।
17 ਸਾਲਾ ਮੁੰਡੇ ਦੇ ਪਿਤਾ ਧਰਮਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਪੁਲਸ ਥਾਣੇ ਦੇ ਉਨ੍ਹਾਂ ਪੁਲਸ ਮੁਲਾਜ਼ਮਾਂ ਵਿਰੁੱਧ ਸਬੂਤ ਪੇਸ਼ ਕੀਤੇ ਸਨ, ਜਿਨ੍ਹਾਂ ਨਾਬਾਲਗ ਦਾ ਫੋਨ ਜ਼ਬਤ ਕਰਨ ਨਾਲ ਸੰਬੰਧਤ ਸ਼ਿਕਾਇਤ ਦੇ ਨਿਬੇੜੇ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸਾਈਬਰ ਥਾਣੇ ਨੇ ਨਾਬਾਲਗ ਦਾ ਫੋਨ ਕਿਸੇ ਨੂੰ ਅਸ਼ਲੀਲ ਸਮੱਗਰੀ ਘੱਲਣ ਦੀ ਸ਼ਿਕਾਇਤ ’ਤੇ ਜ਼ਬਤ ਕੀਤਾ ਸੀ। ਪਰਵਾਰ ਵੱਲੋਂ ਕਾਨੂੰਨੀ ਤਰੀਕਿਆਂ ਨਾਲ ਮਸਲੇ ਨੂੰ ਹੱਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਅੰਤ ਵਿੱਚ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਗਿਆ। ਗਿ੍ਰਫਤਾਰ ਕੀਤੇ ਗਏ ਅਧਿਕਾਰੀਆਂ ਵਿੱਚ ਸਟੇਸ਼ਨ ਹਾਊਸ ਅਫਸਰ, ਇੱਕ ਰੀਡਰ ਅਤੇ ਦੋ ਕਾਂਸਟੇਬਲ ਸ਼ਾਮਲ ਹਨ। ਪਰਵਾਰ ਨੇ ਐੱਸ ਐੱਸ ਪੀ ਕੋਲ ਵੀ ਪਹੁੰਚ ਕੀਤੀ ਸੀ।




