ਰਹਿੰਦੇ ਦਹਾਕੇ ’ਚ ਗਰਮੀ ਦੇ ਹੱਦਾਂ ਟੱਪਣ ਦੀ ਭਵਿੱਖਬਾਣੀ

0
97

ਵਾਸ਼ਿੰਗਟਨ : ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ ਆਉਣ ਵਾਲੇ ਸਾਲਾਂ ’ਚ ਰਿਕਾਰਡ ਤੋੜ ਗਰਮੀ ਲਈ ਤਿਆਰ ਰਹਿਣ ਬਾਰੇ ਖਬਰਦਾਰ ਹੈ, ਜੋ ਧਰਤੀ ਨੂੰ ਹੋਰ ਵੀ ਖਤਰਨਾਕ ਸੇਕ ਅਤੇ ਅਸੁਵਿਧਾਜਨਕ ਹੱਦਾਂ ਵੱਲ ਲੈ ਜਾਵੇਗੀ। ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਯੂ ਕੇ ਮੌਸਮ ਵਿਗਿਆਨ ਦਫਤਰ ਵੱਲੋਂ ਬੁੱਧਵਾਰ ਜਾਰੀ ਕੀਤੀ ਗਈ ਪੰਜ ਸਾਲਾਂ ਦੀ ਭਵਿੱਖਬਾਣੀ ਦੇ ਅਨੁਸਾਰ ਅਗਲੇ ਪੰਜ ਸਾਲਾਂ ਵਿੱਚ ਦੁਨੀਆ ਦਾ ਇੱਕ ਹੋਰ ਸਾਲਾਨਾ ਤਾਪਮਾਨ ਰਿਕਾਰਡ ਟੁੱਟਣ ਦੀ 80 ਫੀਸਦੀ ਸੰਭਾਵਨਾ ਹੈ ਅਤੇ ਹੋਰ ਵੀ ਜ਼ਿਆਦਾ ਸੰਭਾਵਨਾ ਹੈ, ਜਿਸ ਵਿੱਚ ਦੁਨੀਆ ਮੁੜ 10 ਸਾਲ ਪਹਿਲਾਂ ਨਿਰਧਾਰਤ ਆਲਮੀ ਤਾਪਮਾਨ ਸੀਮਾ ਨੂੰ ਪਾਰ ਕਰ ਜਾਵੇਗੀ। ਕਾਰਨੇਲ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੈਟਲੀ ਮਹੋਵਾਲਡ (ਜੋ ਗਣਨਾਵਾਂ ਦਾ ਹਿੱਸਾ ਨਹੀਂ ਸਨ) ਨੇ ਕਿਹਾ, ‘ਉੱਚ ਆਲਮੀ ਔਸਤ ਤਾਪਮਾਨ ਸੰਖੇਪ ਲੱਗ ਸਕਦਾ ਹੈ, ਪਰ ਇਹ ਅਸਲ ਜੀਵਨ ਵਿੱਚ ਤੇਜ਼ ਤੂਫਾਨ, ਤੇਜ਼ ਵਰਖਾ, ਸੋਕੇ ਦੀ ਉੱਚ ਸੰਭਾਵਨਾ ਨੂੰ ਦਰਸਾਉਂਦਾ ਹੈ।’ ਉਨ੍ਹਾ ਕਿਹਾ, ‘ਉੱਚ ਆਲਮੀ ਔਸਤ ਤਾਪਮਾਨ ਦਾ ਭਾਵ ਵਧੇਰੇ ਜਾਨਾਂ ਗੁਆਉਣਾ ਹੈ।’ ਜੋਹਾਨ ਰੌਕਸਟੋਰਮ, ਜੋ ਕਿ ਜਰਮਨੀ ਦੇ ਪੋਟਸਡਾਮ ਇੰਸਟੀਟਿਊਟ ਫਾਰ ਕਲਾਈਮੈਟ ਇੰਪੈਕਟ ਰਿਸਰਚ ਦੇ ਡਾਇਰੈਕਟਰ ਹਨ, ਨੇ ਕਿਹਾ ਕਿ ਜਦੋਂ ਧਰਤੀ ਦਾ ਤਾਪਮਾਨ ਹਰ ਦਸਵਾਂ ਡਿਗਰੀ ਵਧਦਾ ਹੈ ਤਾਂ ਮਨੁੱਖੀ ਕਾਰਨਾਂ ਨਾਲ ਹੋ ਰਹੀ ਗਲੋਬਲ ਵਾਰਮਿੰਗ ਦੇ ਨਤੀਜੇ ਵਜੋਂ ਅਸੀਂ ਜ਼ਿਆਦਾ ਤਾਪ ਲਹਿਰਾਂ, ਸੋਕਾ, ਹੜ੍ਹ, ਅੱਗਾਂ ਅਤੇ ਮਨੁੱਖੀ ਪ੍ਰੇਰਤ ਤੂਫਾਨ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰ ਸਕਦੇ ਹਾਂ।
ਦੋਵਾਂ ਏਜੰਸੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਦਹਾਕੇ ਦੇ ਅੰਤ ਤੋਂ ਪਹਿਲਾਂ ਸੰਸਾਰ ਦਾ ਸਾਲਾਨਾ ਤਾਪਮਾਨ (ਪੈਰਿਸ ਜਲਵਾਯੂ ਸਮਝੌਤੇ ਦੀ ਟੀਚਾ ਤਾਪਮਾਨ ਹੱਦ) 1.5 ਡਿਗਰੀ ਸੈਲਸੀਅਸ (2.7 ਡਿਗਰੀ ਫਾਰਨਹਾਈਟ) ਤੋਂ ਵਧ ਕੇ 2 ਡਿਗਰੀ ਸੈਲਸੀਅਸ (3.6 ਡਿਗਰੀ ਫਾਰਨਹਾਈਟ) ਤੱਕ ਪਹੁੰਚ ਸਕਦਾ ਹੈ, ਜੋ ਕਿ 1800 ਦੇ ਦਹਾਕੇ ਦੇ ਮੱਧ ਤੋਂ ਲੈ ਕੇ ਹੁਣ ਤੱਕ ਦੇ ਤਾਪਮਾਨ ਵਿੱਚ ਵਾਧਾ ਦਰਸਾਉਂਦਾ ਹੈ। ਅਨੁਮਾਨ ਅਨੁਸਾਰ 86 ਫੀਸਦੀ ਸੰਭਾਵਨਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਤਾਪਮਾਨ 1.5 ਡਿਗਰੀ ਤੋਂ ਪਾਰ ਜਾਵੇਗਾ।