ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅਕਾਲੀ ਦਲ ਵਾਲੇ ਧਰਮ ਨਾਲ ਖੇਡ ਰਹੇ ਹਨ ਅਤੇ ਵਰਤ ਰਹੇ ਹਨ। ਇਹ ਤਾਂ ਜਥੇਦਾਰਾਂ ਨੂੰ ਵੀ ਆਪਣਾ ਮੁਲਾਜ਼ਮ ਸਮਝਦੇ ਹਨ। ਜਥੇਦਾਰਾਂ ਨੂੰ ਬਦਲ ਕੇ ਹੁਣ ਵਿਰਸਾ ਸਿੰਘ ਵਲਟੋਹਾ ਨੂੰ ਮੁਆਫੀ ਦੇਣਗੇ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਗਿਆ ਫਖਰ-ਏ-ਕੌਮ ਦਾ ਖਿਤਾਬ ਵੀ ਬਹਾਲ ਕਰਵਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਹੁੰਦੀ ਤਾਂ ਪੰਥ ਨੂੰ ਖਤਰਾ ਹੋਣ ਦਾ ਰੌਲਾ ਪਾ ਲੈਂਦੇ ਹਨ ਅਤੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਮਾੜੇ ਲੋਕਾਂ ਨੂੰ ਵੱਡੇ ਅਹੁਦਿਆਂ ’ਤੇ ਬਿਠਾ ਦਿੰਦੇ ਹਨ। ਮੁੱਖ ਮੰਤਰੀ ਬੁੱਧਵਾਰ ਪਟਿਆਲਾ ਵਿਖੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਅਮਨ-ਕਾਨੂੰਨ ਦੀ ਸਥਿਤੀ ਬਾਰੇ ਬੋਲਣਾ ਬੜਾ ਹੀ ਹਾਸੋਹੀਣਾ ਹੈ, ਕਿਉਂਕਿ ਇਨ੍ਹਾਂ ਦੀ ਆਪਣੀ ਸਰਕਾਰ ਦੇ ਸਮੇਂ ਦੌਰਾਨ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਦਾ ਕਤਲ ਕਰ ਦਿੱਤਾ ਗਿਆ, ਜੇਲ੍ਹ ਬਰੇਕ ਕਾਂਡ ਵੀ ਇਨ੍ਹਾਂ ਦੀ ਸਰਕਾਰ ਸਮੇਂ ਹੀ ਹੋਇਆ। ਏਨਾ ਹੀ ਨਹੀਂ ਪੰਜਾਬ ਵਿੱਚ ਨਸ਼ਿਆਂ ਤੇ ਗੈਂਗਸਟਰ ਵੀ ਇਨ੍ਹਾਂ ਦੀ ਸਰਕਾਰ ਵਿੱਚ ਵਧੇ ਤੇ ਫੁੱਲੇ। ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਵੱਲੋਂ ਇਨਕਲਾਬ ਲਿਆਉਣ ਦੀ ਗੱਲ ਵੀ ਹਾਸੋਹੀਣੀ ਹੀ ਹੈ, ਕਿਉਂਕਿ ਉਸ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 2014 ਵਿੱਚ ਵੀ ਉਨ੍ਹਾ ਮਜੀਠੀਆ ਖਿਲਾਫ ਅਵਾਜ਼ ਚੁੱਕੀ ਸੀ, ਕਾਰਵਾਈ ਹੁਣ ਵੀ ਜਾਰੀ ਹੈ ਅਤੇ ਨਸ਼ਿਆਂ ਦੇ ਵਪਾਰੀ ਬਹੁਤੀ ਦੇਰ ਬਚ ਨਹੀਂ ਸਕਦੇ।
ਉਨ੍ਹਾ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਲਏ ਬਿਨਾਂ ਕਿਹਾ ਕਿ ਇਨ੍ਹਾਂ ਦਾ ਚਾਚਾ ਵੀ ਬਚਾਉਣ ਲਈ ਕੇਸ ਖਰਾਬ ਕਰਦਾ ਰਿਹਾ ਹੈ, ਪਰ ਹੁਣ ਅਸੀਂ ਕੇਸਾਂ ਨੂੰ ਸਹੀ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਜ਼ਰੂਰ ਕਰਾਂਗੇ।
ਇੱਥੇ ਥਾਪਰ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਜ਼ਿਲ੍ਹੇ ਦੇ ਸਰਪੰਚਾਂ-ਪੰਚਾਂ ਨਾਲ ਮਿਲਣੀ ਕੀਤੀ। ਉਨ੍ਹਾ ਸਰਪੰਚਾਂ ਨੂੰ ਵਧੇਰੇ ਤਾਕਤਾਂ ਦੇਣ ਦੀ ਗੱਲ ਕਹੀ। ਮੁੱਖ ਮੰਤਰੀ ਨੇ ਕਿਹਾ ਕਿ 19 ਹਜ਼ਾਰ ਕਿੱਲੋਮੀਟਰ ਪੇਂਡੂ ਸੜਕਾਂ ਨੂੰ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਕੋਈ ਵੀ ਨਵੀਂ ਸੜਕ ਬਣਾਉਣ ਤੋਂ ਬਾਅਦ ਉਸ ਦੀ ਪੇਮੈਂਟ ਲੈਣ ਲਈ ਸੰਬੰਧਤ ਠੇਕੇਦਾਰ ਨੂੰ ਇਲਾਕੇ ਦੇ ਸਰਪੰਚਾਂ ਤੋਂ ਐੱਨ ਓ ਸੀ ਲੈਣੀ ਲਾਜ਼ਮੀ ਹੋਵੇਗੀ ਤੇ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਅਦਾਇਗੀ ਨਹੀਂ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਜੇ ਸਰਪੰਚ ਬਣੀ ਹੋਈ ਸੜਕ ਨੂੰ ਦਰੁਸਤ ਨਹੀਂ ਦੱਸਦਾ, ਤਾਂ ਜਾਂਚ ਕਰਕੇ ਊਣਤਾਈਆਂ ਪਾਏ ਜਾਣ ਦੀ ਸੂਰਤ ਵਿੱਚ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜਿਥੇ ਪੰਚਾਇਤਾਂ ਨੂੰ ਭਿ੍ਰਸ਼ਟਾਚਾਰ ਕਰਨ ਵਾਲਿਆਂ ’ਤੇ ਨਿਗਾਹ ਰੱਖਣ ਲਈ ਕਿਹਾ, ਉਥੇ ਹੀ ਉਨ੍ਹਾਂ ਨੂੰ ਵੀ ਭਿ੍ਰਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਇਸੇ ਦੌਰਾਨ ਮੁੱਖ ਮੰਤਰੀ ਨੇ ਨਾਜਾਇਜ਼ ਕਬਜ਼ਿਆਂ ਕਰ ਕੇ ਅਲੋਪ ਹੋ ਚੁੱਕੇ ਸੂਇਆਂ ਅਤੇ ਕੱਸੀਆਂ ਨੂੰ ਸੁਰਜੀਤ ਕਰਨ ਦੀ ਗੱਲ ਕਰਦਿਆਂ ਦੱਸਿਆ ਕਿ 700 ਕਿਲੋਮੀਟਰ ਪਾਈਪਾਂ ਪਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜਦਾ ਕੀਤਾ ਗਿਆ ਹੈ।




