ਚੰਡੀਗੜ੍ਹ : ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ (89) ਦਾ ਬੁੱਧਵਾਰ ਸ਼ਾਮ ਕਰੀਬ ਪੰਜ ਵਜੇ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਇਨਫੈਕਸ਼ਨ ਤੋਂ ਪੀੜਤ ਸਨ ਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। 2019 ਵਿੱਚ ਉਨ੍ਹਾ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵੀ ਰਹੇ। ਉਨ੍ਹਾ ਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ ਲੰਮੀ ਸਿਆਸੀ ਯਾਤਰਾ ਰਹੀ। ਉਹ ਪਾਰਟੀ ਦੇ ਸਕੱਤਰ ਜਨਰਲ ਰਹੇ ਅਤੇ ਉਨ੍ਹਾ ਨੂੰ ਬਾਦਲ ਤੋਂ ਬਾਅਦ ਸੈਕਿੰਡ-ਇਨ-ਕਮਾਂਡ ਮੰਨਿਆ ਜਾਂਦਾ ਸੀ। ਉਹ ਵਾਜਪਾਈ ਸਰਕਾਰ ਵਿੱਚ 2000 ਤੋਂ ਸਾਲ 2004 ਤੱਕ ਕੇਂਦਰੀ ਮੰਤਰੀ ਰਹੇ। ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿੱਚ ਜਨਮੇ ਢੀਂਡਸਾ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਸਟੂਡੈਂਟਸ ਕੌਂਸਲ ਦੇ ਸਕੱਤਰ ਵੀ ਚੁਣੇ ਗਏ ਸਨ। ਢੀਂਡਸਾ ਨੇ 1972 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਪੈਰ ਪਾਇਆ ਸੀ। ਉਸ ਮਗਰੋਂ ਉਨ੍ਹਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਸੀ। ਫਿਰ ਉਨ੍ਹਾ ਅਕਾਲੀ ਉਮੀਦਵਾਰ ਵਜੋਂ ਸੁਨਾਮ ਹਲਕੇ ਤੋਂ ਜਿੱਤ ਹਾਸਲ ਕੀਤੀ ਅਤੇ ਰਾਜ ਮੰਤਰੀ ਬਣੇ ਸਨ। 1980 ਵਿੱਚ ਉਹ ਸੰਗਰੂਰ ਹਲਕੇ ਤੋਂ ਚੋਣ ਜਿੱਤੇ ਅਤੇ 1985 ਵਿੱਚ ਸੁਨਾਮ ਹਲਕੇ ਤੋਂ ਮੁੜ ਚੋਣ ਜਿੱਤੇ। ਉਨ੍ਹਾ ਸੰਗਰੂਰ ਲੋਕ ਸਭਾ ਹਲਕੇ ਤੋਂ ਵੀ ਜਿੱਤ ਹਾਸਲ ਕਰਕੇ 14ਵੀਂ ਲੋਕ ਸਭਾ ਵਿੱਚ ਨੁਮਾਇੰਦਗੀ ਕੀਤੀ। ਉਹ ਸਾਲ 1998 ਤੋਂ 2004 ਤੱਕ ਰਾਜ ਸਭਾ ਮੈਂਬਰ ਵੀ ਰਹੇ। ਪਿਛਲੇ ਸਮੇਂ ਦੌਰਾਨ ਉਨ੍ਹਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਸ਼ੋਮਣੀ ਅਕਾਲੀ ਦਲ (ਸੰਯੁਕਤ) ਵੀ ਬਣਾਇਆ ਤੇ ਪਿਛਲੇ ਸਾਲ ਮਾਰਚ ਵਿੱਚ ਉਸ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ’ਚ ਮਿਲਾ ਦਿੱਤਾ ਸੀ।





