ਬਠਿੰਡਾ (ਪਰਵਿੰਦਰਜੀਤ ਸਿੰਘ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਅਕਾਲੀ ਲੀਡਰਾਂ ਅਤੇ ਕਿਸਾਨ ਯੂਨੀਅਨਾਂ ’ਤੇ ਅਫਵਾਹਾਂ ਫੈਲਾ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਕਿਸਾਨ ਯੂਨੀਅਨਾਂ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਯੂਨੀਅਨਾਂ ਦਾ ਵਜੂਦ ਵੱਖੋ-ਵੱਖਰਾ ਹੈ, ਕਿਉਕਿ ਯੂਨੀਅਨਾਂ ਦੇ ਲੀਡਰਾਂ ਨੇ ਕਿਸਾਨਾਂ ਦੇ ਹਿੱਤ ਬਚਾਉਣ ਦੇ ਨਾਂਅ ’ਤੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਉਨ੍ਹਾ ਕਿਹਾ ਕਿ ਕਿਸਾਨ ਯੂਨੀਅਨ ਦੇ ਲੀਡਰ ਗੈਰ-ਕਾਨੂੰਨੀ ਢੰਗ ਨਾਲ ਸਰਮਾਇਆ ਇਕੱਠਾ ਕਰਕੇ ਵੱਡੀਆਂ ਜਾਇਦਾਦ ਦੇ ਮਾਲਕ ਬਣੇ ਹੋਏ ਹਨ ਅਤੇ ਇੱਥੋਂ ਤੱਕ ਕਿ ਇਨ੍ਹਾਂ ਦੀ ਸੂਬੇ ਦੇ ਕਈ ਹੋਟਲਾਂ ਤੇ ਹਸਪਤਾਲਾਂ ਵਿੱਚ ਵੀ ਹਿੱਸਾ-ਪੱਤੀ ਹੈ। ਮਾਨ ਨੇ ਕਿਸਾਨਾਂ ਯੂਨੀਅਨਾਂ ਨੂੰ ਖੇਤੀ ਸੰਕਟ ਨਾਲ ਜੁੜੇ ਮਸਲਿਆਂ ’ਤੇ ਉਨ੍ਹਾ ਨਾਲ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੱਤੀ।ਮੁੱਖ ਮੰਤਰੀ ਨੇ ਬੀ ਬੀ ਐੱਮ ਬੀ ਅਤੇ ਹਰਿਆਣਾ ਨਾਲ ਪਾਣੀਆਂ ਦੇ ਮੁੱਦੇ ’ਤੇ ਕਿਸਾਨ ਯੂਨੀਅਨਾਂ ਵੱਲੋਂ ਚੁੱਪ ਸਾਧਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਨ੍ਹਾਂ ਦੇ ਕਿਸੇ ਵੀ ਲੀਡਰ ਨੇ ਇਕ ਬਿਆਨ ਤੱਕ ਵੀ ਜਾਰੀ ਨਹੀਂ ਕੀਤਾ। ਉਨ੍ਹਾ ਕਿਹਾ ਕਿ ਕਿਸਾਨ ਯੂਨੀਅਨਾਂ ਬੇਤੁਕੇ ਮਸਲਿਆਂ ’ਤੇ ਸੜਕਾਂ ਅਤੇ ਰੇਲਾਂ ਰੋਕ ਕੇ ਸਿਰਫ ਆਪਣੀਆਂ ਦੁਕਾਨਾਂ ਚਲਾ ਰਹੀਆਂ ਹਨ, ਜਦਕਿ ਪੰਜਾਬ ਦੇ ਸੰਜੀਦਾ ਮੁੱਦਿਆਂ ਪ੍ਰਤੀ ਚੁੱਪ ਧਾਰ ਲੈਂਦੀਆਂ ਹਨ। ਉਨ੍ਹਾ ਕਿਹਾ ਕਿ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਦੀ ਆੜ ਵਿੱਚ ਕਿਸਾਨਾਂ ਪਾਸੋਂ ਫੀਸ ਵਸੂਲਦੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਬਾਦਲ-ਮਜੀਠੀਆ ਪਰਵਾਰ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ, ਕਿਉਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਆਪਸ ਵਿੱਚ ਬੋਲਬਾਣੀ ਵੀ ਬੰਦ ਹੈ। ਉਨ੍ਹਾ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਵੱਲੋਂ ਆਪਣੀ ਹਕੂਮਤ ਦੌਰਾਨ ਲੁੱਟ ਦੇ ਪੈਸੇ ਨਾਲ ਬਣਾਈ ਜਾਇਦਾਦ ਦੀ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਪਰਵਾਰਾਂ ਵਿੱਚ ਅਣਬਣ ਪੈਦਾ ਹੋ ਗਈ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਇਸ ਦਾ ਖੁਲਾਸਾ ਕਰਨ ਤੋਂ ਬਾਅਦ ਭਾਵੇਂ ਦੋਵੇਂ ਪਰਵਾਰ ਇਕੱਠ ਹੋ ਜਾਣ, ਪਰ ਸੱਚ ਇਹ ਹੈ ਕਿ ਇਨ੍ਹਾਂ ਨੇਤਾਵਾਂ ਨੇ ਆਪਣੇ ਫਾਇਦੇ ਲਈ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰ ਆਪਣੇ ਸਿਆਸੀ ਮੁਫਾਦ ਦੀ ਖਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਰਹੇ ਹਨ। ਉਨ੍ਹਾ ਕਿਹਾ ਕਿ ਅਕਾਲੀ ਸੌੜੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ। ਇਕ ਮਿਸਾਲ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਆਪਣੇ ਸਿਆਸੀ ਹਿੱਤਾਂ ਅਨੁਸਾਰ ਅਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਵੇਗਾ ਅਤੇ ਇੱਥੋਂ ਤੱਕ ਕਿ ਫਖ਼ਰ-ਏ-ਕੌਮ ਦਾ ਖਿਤਾਬ ਵੀ ਮੁੜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂਅ ਕਰ ਦਿੱਤਾ ਜਾਵੇਗਾ।ਮਾਨ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਸਕੀਮ ਦਾ ਮੰਤਵ ਕਿਸਾਨਾਂ ਲਈ ਪੱਕੀ ਆਮਦਨ ਦਾ ਸਰੋਤ ਮੁਹੱਈਆ ਕਰਨਾ ਹੈ, ਕਿਉਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ।ਇੱਥੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰਦਸਤੀ ਐਕੁਆਇਰ ਨਹੀਂ ਕੀਤੀ ਜਾਵੇਗੀ ਅਤੇ ਸਿਰਫ਼ ਸਹਿਮਤੀ ਦੇਣ ਵਾਲੇ ਕਿਸਾਨ ਹੀ ਇਸ ਨੀਤੀ ਅਧੀਨ ਆਪਣੀ ਜ਼ਮੀਨ ਦੇਣਗੇ। ਇਸ ਨੀਤੀ ਅਨੁਸਾਰ ਕਿਸਾਨਾਂ ਨੂੰ ਮੁਆਵਜ਼ੇ ਤੋਂ ਇਲਾਵਾ ਇਸ ਯੋਜਨਾ ਵਿੱਚ ਵਪਾਰਕ ਅਤੇ ਰਿਹਾਇਸ਼ੀ ਪਲਾਟ ਵੀ ਮਿਲਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਲੈਂਡ ਪੂਲਿੰਗ ਸਕੀਮ ਵਿੱਚ ਬਣਾਈਆਂ ਜਾਣ ਵਾਲੀਆਂ ਯੋਜਨਾਬੱਧ ਕਲੋਨੀਆਂ ਵਿੱਚ ਵਪਾਰਕ ਜਾਇਦਾਦ ਕਿਸਾਨਾਂ ਲਈ ਪੱਕੀ ਆਮਦਨ ਦਾ ਸਾਧਨ ਹੋਵੇਗੀ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਉਦੇਸ਼ ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣਾ ਹੈ। ਉਨ੍ਹਾ ਕਿਹਾ ਕਿ ਇਹ ਯੋਜਨਾ ਸੂਬੇ ਦੇ ਸਮੁੱਚੇ ਵਿਕਾਸ ਨੂੰ ਵੱਡਾ ਹੁਲਾਰਾ ਦੇ ਕੇ ਹਰੇਕ ਆਮ ਆਦਮੀ ਨੂੰ ਲਾਭ ਪਹੁੰਚਾਏਗੀ। ਉਹਨਾ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਕਿਸੇ ਦੀ ਵੀ ਜ਼ਮੀਨ ਜ਼ਬਰਦਸਤੀ ਨਹੀਂ ਖੋਹੀ ਜਾਵੇਗੀ ਅਤੇ ਐਕੁਆਇਰ ਕੀਤੀ ਜ਼ਮੀਨ ’ਤੇ ਸਾਰਾ ਵਿਕਾਸ ਕਾਨੂੰਨੀ ਤੇ ਪਾਰਦਰਸ਼ੀ ਢੰਗ ਨਾਲ ਹੋਵੇਗਾ।





