ਨਵੀਂ ਦਿੱਲੀ : ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਤੇ ਉਨ੍ਹਾ ਦੀ ਪਤਨੀ ਸੁਨੀਤਾ ਦਿਵੇਦੀ ਨੇ ਬੁੱਧਵਾਰ ਪਦਮ ਵਿਭੂਸ਼ਣ ਜਗਦਗੁਰੂ ਸਵਾਮੀ ਰਾਮਭੱਦਰਾਚਾਰੀਆ ਤੋਂ ਚਿੱਤਰਕੂਟ ’ਚ ਉਨ੍ਹਾ ਦੇ ਆਸ਼ਰਮ ਪਹੁੰਚ ਕੇ ਅਸ਼ੀਰਵਾਦ ਲਿਆ। ਰਾਮਭੱਦਰਾਚਾਰੀਆ ਨੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਬਹੁਤ ਚੰਗੀ ਮੁਲਾਕਾਤ ਹੋਈ। ਉਨ੍ਹਾ ਮੇਰੇ ਤੋਂ ਉਸੇ ਮੰਤਰ ਦੀ ਦੀਕਸ਼ਾ ਲਈ, ਜਿਸ ਮੰਤਰ ਨੂੰ ਸੀਤਾ ਜੀ ਨੇ ਹਨੂੰਮਾਨ ਜੀ ਨੂੰ ਲੰਕਾ ’ਤੇ ਜਿੱਤ ਲਈ ਦਿੱਤਾ ਸੀ। ਮੈਂ ਗੁਰੂ ਦਕਸ਼ਿਣਾ ਵਿੱਚ ਪੀ ਓ ਕੇ (ਮਕਬੂਜ਼ਾ ਕਸ਼ਮੀਰ) ਮੰਗਿਆ ਤਾਂ ਉਪੇਂਦਰ ਨੇ ਕਿਹਾ ਕਿ ਯਕੀਨਨ ਤੁਹਾਨੂੰ ਤੁਹਾਡੀ ਗੁਰੂ ਦਕਸ਼ਿਣਾ ਮਿਲੇਗੀ।’
ਜਦੋਂ ਇੱਕ ਰਿਪੋਰਟਰ ਨੇ ਪੁੱਛਿਆ ਕਿ ਪਾਕਿਸਤਾਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਜਗਦਗੁਰੂ ਨੇ ਕਿਹਾ, ‘ਪਾਕਿਸਤਾਨ ਨੂੰ ਕੀ ਸੰਦੇਸ਼ ਦੇਣਾ। ਕੁੱਤੇ ਦੀ ਪੂਛ ਕਦੇ ਸਿੱਧੀ ਹੋ ਸਕਦੀ ਹੈ ਕੀ? ਜੇ ਪਾਕਿਸਤਾਨ ਨੇ ਦੁਬਾਰਾ ਹਮਲਾ ਕੀਤਾ ਤਾਂ ਹਸ਼ਰ ਬੁਰਾ ਹੋਵੇਗਾ। ਉਹ ਦੁਨੀਆ ਦੇ ਨਕਸ਼ੇ ਤੋਂ ਹੀ ਸਾਫ ਹੋ ਜਾਵੇਗਾ।’ ਰਾਮਭੱਦਰਾਚਾਰੀਆ ਦਾ ਅਸਲੀ ਨਾਂਅ ਗਿਰਧਰ ਮਿਸ਼ਰਾ ਹੈ। ਉਹ ਰਾਮਾਨੰਦ ਸੰਪਰਦਾਇ ਦੇ ਚਾਰ ਜਗਦਗੁਰੂਆਂ ਵਿੱਚੋਂ ਇੱਕ ਹਨ ਤੇ ਇਸ ਅਹੁਦੇ ’ਤੇ 1988 ਤੋਂ ਬਿਰਾਜਮਾਨ ਹਨ। ਉਨ੍ਹਾ ਦੀ ਦੋ ਮਹੀਨਿਆਂ ਦੀ ਉਮਰ ਵਿੱਚ ਅੱਖਾਂ ਦੀ ਰੌਸ਼ਨੀ ਚਲੇ ਗਈ ਸੀ।


