ਕਥਨੀ ਤੇ ਕਰਨੀ ਵਿਚਾਲੇ ਫਰਕ

0
170

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਲੜਾਈਬੰਦੀ ਤੋਂ ਬਾਅਦ ਦਹਿਸ਼ਤਗਰਦੀ ਦੇ ਸਰਪ੍ਰਸਤ ਵਜੋਂ ਪਾਕਿਸਤਾਨ ਨੂੰ ਦੁਨੀਆ ਵਿੱਚ ਨੰਗਾ ਕਰਨ ਲਈ ਬਾਹਰਲੇ ਦੇਸ਼ਾਂ ਵਿੱਚ ਭੇਜੇ ਗਏ ਸਰਬ ਪਾਰਟੀ ਵਫਦਾਂ ਵਿੱਚ ਇੱਕ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਗਿਆ। ਇਨ੍ਹਾਂ ਵਫਦਾਂ ਨੂੰ ਕੀ ਸੰਦੇਸ਼ ਪਹੁੰਚਾਉਣ ਲਈ ਭੇਜਿਆ ਗਿਆ ਸੀ, ਉਹ ਥਰੂਰ ਦੇ ਅਮਰੀਕਾ ਵਿੱਚ ਦਿੱਤੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ। ਸਾਬਕਾ ਡਿਪਲੋਮੈਟ ਥਰੂਰ ਨੇ ਅਮਰੀਕਾ ’ਚ ਕਿਹਾ, ‘ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਦਾ ਮਕਸਦ ਲੋਕਾਂ ਨੂੰ ਵੰਡਣਾ ਸੀ, ਪਰ ਭਾਰਤ ਵਿੱਚ ਇਸ ਨੇ ਲੋਕਾਂ ਨੂੰ ਇੱਕਜੁੱਟ ਕਰ ਦਿੱਤਾ, ਚਾਹੇ ਉਨ੍ਹਾਂ ਦਾ ਧਰਮ ਜਾਂ ਪਛਾਣ ਕੁਝ ਵੀ ਹੋਵੇ। ਇਹ ਇੱਕ ਅਸਾਧਾਰਨ ਇੱਕਜੁੱਟਤਾ ਸੀ, ਜਿਸ ਨੇ ਧਾਰਮਕ ਤੇ ਹੋਰਨਾਂ ਵੰਡੀਆਂ ਨੂੰ ਪਾਰ ਕਰ ਦਿੱਤਾ, ਜਿਸ ਆਧਾਰ ’ਤੇ ਭੜਕਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਸੰਦੇਸ਼ ਸਾਫ ਹੈ ਕਿ ਹਮਲੇ ਦੀ ਮਨਸ਼ਾ ਨਫਰਤ ਫੈਲਾਉਣ ਦੀ ਸੀ।’
ਇਹ ਠੀਕ ਹੈ ਕਿ ਪਹਿਲਗਾਮ ਹਮਲੇ ਦੀ ਨਿੰਦਾ ਕਰਨ ਵਿੱਚ ਆਮ ਹਿੰਦੂ ਤੇ ਮੁਸਲਮਾਨ ਬਰਾਬਰ ਇੱਕਜੁੱਟ ਨਜ਼ਰ ਆਏ, ਪਰ ਇਸ ਸਭ ਦੇ ਪਿੱਛੇ ਅਜੇ ਵੀ ਗਿਣ-ਮਿਥ ਕੇ ਮੁਸਲਮਾਨਾਂ ਖਿਲਾਫ ਨਫਰਤ ਲਗਾਤਾਰ ਫੈਲਾਈ ਜਾ ਰਹੀ ਹੈ। ਪਹਿਲਗਾਮ ਤ੍ਰਾਸਦੀ ਤੋਂ ਪਹਿਲਾਂ ਹੀ ਮੁਸਲਮਾਨਾਂ ਖਿਲਾਫ ਨਫਰਤ ਦਾ ਮਾਹੌਲ ਤੇਜ਼ ਹੋ ਚੁੱਕਾ ਸੀ। ਇਸ ਹਮਲੇ ਦੇ ਬਾਅਦ ਇਹ ਨਫਰਤ ਹੋਰ ਵੀ ਤਿੱਖੀ ਹੋ ਗਈ। ਜਦ ਭਾਰਤ ਪਹਿਲਗਾਮ ’ਚ ਦਹਿਸ਼ਤਗਰਦਾਂ ਹੱਥੋਂ ਜਾਨ ਗੁਆਉਣ ਵਾਲਿਆਂ ਦਾ ਸੋਗ ਮਨਾ ਰਿਹਾ ਸੀ ਤਾਂ ਉਸੇ ਦੌਰਾਨ ਆਨਲਾਈਨ ਤੇ ਆਫਲਾਈਨ ਇਹ ਮੁਹਿੰਮ ਸ਼ੁਰੂ ਹੋਈ ਕਿ ਮੁਸਲਮਾਨ ਹਿੰਦੂਆਂ ਲਈ ਖਤਰਾ ਹਨ ਕਿ ਸਾਰੇ ਹਿੰਦੂਆਂ ਦਾ ਇਹੀ ਹਸ਼ਰ ਹੋਵੇਗਾ ਤੇ ਮੁਸਲਮਾਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈਹਿੰਸਾ ਤੇ ਬਾਈਕਾਟ ਦੇ ਜ਼ਰੀਏ। ਸਭ ਤੋਂ ਚਿੰਤਾਜਨਕ ਘਟਨਾ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ਗਿ੍ਰਫਤਾਰੀ ਸੀ। ਪਾਕਿਸਤਾਨ ਨਾਲ ਲੜਾਈ ਦੌਰਾਨ ਪ੍ਰੈੱਸ ਨੂੰ ‘ਅਪ੍ਰੇਸ਼ਨ ਸਿੰਧੂਰ’ ਬਾਰੇ ਬ੍ਰੀਫਿੰਗ ਕਰਨ ਵਾਲੀ ਕਰਨਲ ਸੋਫੀਆ ਕੁਰੈਸ਼ੀ ਬਾਰੇ ਪ੍ਰੋਫੈਸਰ ਅਲੀ ਨੇ ਇੱਕ ਬੇਹੱਦ ਪ੍ਰਸੰਗਕ ਪੋਸਟ ਵਿੱਚ ਲਿਖਿਆ ਸੀ, ‘ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਏਨੇ ਸਾਰੇ ਦੱਖਣਪੰਥੀ ਟਿੱਪਣੀਕਾਰ ਕਰਨਲ ਸੋਫੀਆ ਦੀ ਸ਼ਲਾਘਾ ਕਰ ਰਹੇ ਹਨ। ਚੰਗਾ ਹੋਵੇਗਾ ਜੇ ਉਹ ਇਹ ਵੀ ਮੰਗ ਕਰਨ ਕਿ ਭੀੜ ਹਿੰਸਾ, ਧੱਕੇ ਨਾਲ ਘਰਾਂ ’ਤੇ ਬੁਲਡੋਜ਼ਰ ਚੜ੍ਹਾਉਣ ਤੇ ਭਾਜਪਾ ਦੀ ਨਫਰਤ ਫੈਲਾਉਣ ਵਾਲੀ ਸਿਆਸਤ ਦੇ ਸ਼ਿਕਾਰ ਲੋਕਾਂ ਨੂੰ ਭਾਰਤੀ ਨਾਗਰਿਕ ਦੇ ਰੂਪ ਵਿੱਚ ਸੁਰੱਖਿਆ ਮਿਲੇ।’ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪ੍ਰੋਫੈਸਰ ਖਿਲਾਫ ਇਹ ਐੱਫ ਆਈ ਆਰ ਦਰਜ ਕਰਵਾ ਦਿੱਤੀ ਕਿ ਉਸ ਨੇ ਮਹਿਲਾ ਫੌਜੀ ਅਫਸਰਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਉਨ੍ਹਾਂ ਦੇ ਰੋਲ ਨੂੰ ਘਟਾ ਕੇ ਦਿਖਾਇਆ ਹੈ। ਇਹ ਸਮਝ ਤੋਂ ਪਰ੍ਹੇ ਹੈ ਕਿ ਪ੍ਰੋਫੈਸਰ ਨੇ ਮਹਿਲਾ ਫੌਜੀਆਂ ਦੀ ਕਿਹੜੀ ਬੇਇੱਜ਼ਤੀ ਕਰ ਦਿੱਤੀ। ਪ੍ਰੋਫੈਸਰ ਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਅੰਤਰਮ ਜ਼ਮਾਨਤ ਮਿਲੀ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਨੇ ਕਿਹਾ ਸੀ ਕਿ ਮੋਦੀ ਜੀ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੀ ਐਸੀ-ਤੈਸੀ ਕਰਨ ਲਈ ਉਨ੍ਹਾਂ ਦੀ ਭੈਣ (ਸੋਫੀਆ ਕੁਰੈਸ਼ੀ) ਨੂੰ ਭੇਜਿਆ। ਪ੍ਰੋਫੈਸਰ ਨੇ ਸੰਵੇਦਨਸ਼ੀਲ ਢੰਗ ਨਾਲ ਦਿਖਾਇਆ ਕਿ ਇਹ ਰਾਸ਼ਟਰ ਆਪਣੇ ਘੱਟ ਗਿਣਤੀ ਨਾਗਰਿਕਾਂ ਨਾਲ ਕਿਹੋ ਜਿਹਾ ਸਲੂਕ ਕਰ ਰਿਹਾ ਹੈ, ਜਦਕਿ ਸ਼ਾਹ ਨੇ ਇਹ ਦਿਖਾਇਆ ਕਿ ਕਿਸ ਤਰ੍ਹਾਂ ਇਸ ਮੌਕੇ ਨੂੰ ਘੱਟ ਘਿਣਤੀਆਂ ਖਿਲਾਫ ਨਫਰਤ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ। ਦਰਅਸਲ ਵਿਜੇ ਸ਼ਾਹ ਨੇ ਜੋ ਕਿਹਾ, ਉਹ ਉਸ ਦੀ ਪਾਰਟੀ (ਭਾਜਪਾ) ਨੂੰ ਪੂਰੀ ਤਰ੍ਹਾਂ ਮਨਜ਼ੂਰ ਹੈ, ਕਿਉਕਿ ਇਸ ਨਫਰਤ-ਭਰੀ ਟਿੱਪਣੀ ਕਰਕੇ ਨਾ ਤਾਂ ਉਸ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਤੇ ਨਾ ਗਿ੍ਰਫਤਾਰ ਕੀਤਾ ਗਿਆ। ਭਾਜਪਾ ਦੇ ਸਿਖਰ ਤੋਂ ਹੇਠਾਂ ਤੱਕ ਘੱਟ ਗਿਣਤੀਆਂ ਪ੍ਰਤੀ ਇਹ ਖੁੱਲ੍ਹੀ ਨਫਰਤ ਨਾ ਸਿਰਫ ਸਵੀਕਾਰ ਕੀਤੀ ਜਾਂਦੀ ਹੈ, ਸਗੋਂ ਇਹ ਆਗੂਆਂ ਦੇ ਕੈਰੀਅਰ ਨੂੰ ਪੌੜੀ ਵੀ ਮੁਹੱਈਆ ਕਰਦੀ ਹੈ। 2019 ਵਿੱਚ ਦਿੱਲੀ ’ਚ ਫਿਰਕੂ ਹਿੰਸਾ ਤੋਂ ਪਹਿਲਾਂ ਅਮਨ ਤੇ ਸਦਾਭਾਵਨਾ ਦੀ ਅਪੀਲ ਕਰਵ ਵਾਲੇ (ਉਮਰ ਖਾਲਿਦ, ਸ਼ਰਜੀਲ ਇਮਾਮ ਤੇ ਹੋਰ) ਪੰਜ ਸਾਲ ਤੋਂ ਜੇਲ੍ਹ ਵਿੱਚ ਹਨ ਤੇ ਉਨ੍ਹਾਂ ਦੀ ਸੁਣਵਾਈ ਤੱਕ ਸ਼ੁਰੂ ਨਹੀਂ ਹੋਈ, ਜਦਕਿ ‘ਦੇਸ਼ ਕੇ ਗ਼ੱਦਾਰੋਂ ਕੋ, ਗੋਲੀ ਮਾਰੋ…’ ਵਰਗੇ ਨਾਅਰੇ ਲਾਉਣ ਵਾਲੇ ਵੇਲੇ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਰਗਿਆਂ ’ਤੇ ਕੋਈ ਕਾਰਵਾਈ ਨਹੀਂ ਹੋਈ।
ਸਾਡੇ ਸੰਵਿਧਾਨ ਤੇ ਨਾਗਰਿਕਤਾ ਦੇ ਮਾਪਦੰਡ ਹੌਲੀ-ਹੌਲੀ ਸਿਆਸਤ ਹੱਥੋਂ ਕਮਜ਼ੋਰ ਕੀਤੇ ਜਾ ਰਹੇ ਹਨ, ਜਿਹੜੀ ਧਰਮ ਦਾ ਚੋਲਾ ਪਹਿਨਦੀ ਹੈ। ਅੱਜ ਲੋੜ ਹੈ ਅਲੀ ਖਾਨ, ਉਮਰ ਖਾਲਿਦ, ਨੇਹਾ ਰਾਠੌਰ ਤੇ ਹਿਮਾਂਸ਼ੀ ਨਰਵਾਲ ਵਰਗੇ ਨਾਗਰਿਕਾਂ ਦੀ, ਜਿਹੜੇ ਨਾ ਸਿਰਫ ਅਮਨ ਦੀ ਗੱਲ ਕਰਦੇ ਹਨ, ਸਗੋਂ ਸਮਾਜ ਨੂੰ ਆਈਨਾ ਵੀ ਦਿਖਾਉਦੇ ਹਨ। ਨਫਰਤ ਦੀ ਹਨੇਰੀ ਨੂੰ ਇਨ੍ਹਾਂ ਵਰਗੇ ਲੋਕ ਹੀ ਰੋਕ ਸਕਦੇ ਹਨ।