ਅੱਜ ਅੱਧਾ ਘੰਟਾ ਬਲੈਕ ਆਊਟ

0
154

ਜਲੰਧਰ (ਸ਼ੈਲੀ, ਥਾਪਾ, ਸੁਰਿੰਦਰ)-ਡੀ ਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਸਾਢੇ 9 ਤੋਂ 10 ਵਜੇ ਤਕ ਜਲੰਧਰ ਜ਼ਿਲ੍ਹੇ ਵਿੱਚ ਬਲੈਕ ਆਊਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਉਨ੍ਹਾ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਇਹ ਸੁਰੱਖਿਆ ਅਭਿਆਸ ਹੋਵੇਗਾ। ਬਲੈਕ ਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ। ਸ਼ਾਮੀਂ 6 ਵਜੇ ਜਵਾਹਰ ਪਾਰਕ ਜਲੰਧਰ ਕੈਂਟ ਵਿੱਚ ਮੌਕ ਡਰਿੱਲ ਵੀ ਕੀਤੀ ਜਾਵੇਗੀ।
35.40 ਲੱਖ ਦੇ ਡਾਲਰ ਫੜੇ
ਅੰਮਿ੍ਰਤਸਰ : ਡੀ ਆਰ ਆਈ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਯਾਤਰੀ ਕੋਲੋਂ 41,400 ਅਮਰੀਕੀ ਡਾਲਰ ਬਰਾਮਦ ਕੀਤੇ ਹਨ, ਜੋ ਭਾਰਤੀ ਕਰੰਸੀ ਦੇ ਮੁਤਾਬਕ ਕਰੀਬ 35.40 ਲੱਖ ਰੁਪਏ ਬਣਦੇ ਹਨ। ਯਾਤਰੀ ਇੰਡੀਆ ਐਕਸਪ੍ਰੈਸ ਦੀ ਉਡਾਣ ਰਾਹੀਂ ਅੰਮਿ੍ਰਤਸਰ ਤੋਂ ਦੁਬਈ ਜਾ ਰਿਹਾ ਸੀ। ਉਸ ਨੇ ਆਪਣੇ ਸਾਮਾਨ ਵਿੱਚ ਵਿਦੇਸ਼ੀ ਮੁਦਰਾ ਲੁਕੋਈ ਹੋਈ ਸੀ। ਇਹ ਵਿਦੇਸ਼ੀ ਨਕਦੀ ਆਰ ਬੀ ਆਈ ਦੀ ਤੈਅ ਸੀਮਾ ਤੋਂ ਵੱਧ ਸੀ। ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ੀ ਮੁਦਰਾ ਦੀ ਗੈਰਕਾਨੂੰਨੀ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹੈ।
ਢੀਂਡਸਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ
ਸੰਗਰੂਰ (ਪ੍ਰਵੀਨ ਸਿੰਘ) : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸ਼ੁੱਕਰਵਾਰ ਪਿੰਡ ਉਭਾਵਾਲ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਡੀ ਸੀ ਸੰਦੀਪ ਰਿਸ਼ੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਉਨ੍ਹਾ ਦੀ ਦੇਹ ’ਤੇ ਰੀਥ ਰੱਖੀ।
ਨਕਸਲਵਾਦ ਛੇਤੀ ਖਤਮ ਕਰ ਦੇਵਾਂਗੇ : ਮੋਦੀ
ਕਰਕਟ (ਬਿਹਾਰ) : ਨਕਸਲਵਾਦ ਅਤੇ ਲਾਲ ਦਹਿਸ਼ਤ ਵਿਰੁੱਧ ਕੇਂਦਰ ਦੀ ਲੜਾਈ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਕਰਕਟ ਵਿੱਚ 48,520 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੌਰਾਨ ਕਿਹਾ, ‘‘2014 ਤੋਂ ਪਹਿਲਾਂ 75 ਤੋਂ ਵੱਧ ਜ਼ਿਲ੍ਹੇ ਨਕਸਲ ਪ੍ਰਭਾਵਤ ਸਨ। ਹੁਣ ਸਿਰਫ 18 ਜ਼ਿਲ੍ਹੇ ਨਕਸਲ ਪ੍ਰਭਾਵਤ ਰਹਿ ਗਏ ਹਨ।’’