ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਚੰਡੀਗੜ੍ਹ ਦੇ ਪੱਤਰਕਾਰ ਅਤੇ ਯੂਟਿਊਬਰ ਅਜੈ ਸ਼ੁਕਲਾ ਵਿਰੁੱਧ ਆਪਣੇ ਚੈਨਲ ’ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਕੁਝ ਸੁਪਰੀਮ ਕੋਰਟ ਦੇ ਜੱਜਾਂ ਵਿਰੁੱਧ ਕਥਿਤ ਅਪਮਾਨਜਨਕ, ਮਾਣਹਾਨੀ ਅਤੇ ਹੱਤਕ ਵਾਲੀਆਂ ਟਿੱਪਣੀਆਂ ਲਈ ਆਪਣੇ ਤੌਰ ’ਤੇ ਹੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਚੀਫ ਜਸਟਿਸ ਬੀ ਆਰ ਗਵਈ, ਜਸਟਿਸ ਔਗਸਟੀਨ ਜਾਰਜ ਮਸੀਹ ਅਤੇ ਜਸਟਿਸ ਏ ਐਸ ਚੰਦੁਰਕਰ ਦੀ ਬੈਂਚ ਨੇ ਇਹ ਵੀ ਹੁਕਮ ਦਿੱਤਾ ਕਿ ਅਪਮਾਨਜਨਕ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਅਤੇ ਚੈਨਲ ਇਸ ਜਾਂ ਇਸ ਤਰ੍ਹਾਂ ਦੀ ਸਮੱਗਰੀ ਨੂੰ ਦੁਬਾਰਾ ਪ੍ਰਸਾਰਤ ਨਾ ਕਰੇ।
ਬੈਂਚ ਨੇ ਵਰਪ੍ਰੈਡ ਮੀਡੀਆ ਦੇ ਮੁੱਖ ਸੰਪਾਦਕ ਸ਼ੁਕਲਾ ਨੂੰ ਵੀ ਨੋਟਿਸ ਜਾਰੀ ਕੀਤਾ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਟਿੱਪਣੀਆਂ ਨੂੰ ਬਹੁਤ ਗੰਭੀਰ ਦੱਸਿਆ ਅਤੇ ਇਸ ਮੁੱਦੇ ਦਾ ਖੁਦ ਹੀ ਨੋਟਿਸ ਲੈਣ ਲਈ ਬੈਂਚ ਦਾ ਧੰਨਵਾਦ ਕੀਤਾ। ਚੀਫ ਜਸਟਿਸ ਨੇ ਕਿਹਾ, “ਇਸ ਤਰ੍ਹਾਂ ਦੇ ਘਿਣਾਉਣੇ ਦੋਸ਼ਾਂ ਦੇ ਵਿਆਪਕ ਤੌਰ ’ਤੇ ਪ੍ਰਕਾਸ਼ਤ ਹੋਣ ਨਾਲ ਨਿਆਂਪਾਲਿਕਾ ਦੀ ਮਹਾਨ ਸੰਸਥਾ ਨੂੰ ਬਦਨਾਮ ਕੀਤੇ ਜਾਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਸੰਵਿਧਾਨ ਬੋਲਣ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਪਰ ਇਹ ਆਜ਼ਾਦੀ ਵਾਜਬ ਪਾਬੰਦੀਆਂ ਦੇ ਅਧੀਨ ਹੈ।ਕਿਸੇ ਵਿਅਕਤੀ ਨੂੰ ਅਜਿਹੇ ਦੋਸ਼ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜੋ ਇਸ ਅਦਾਲਤ ਦੇ ਜੱਜ ਨੂੰ ਬਦਨਾਮ ਕਰਨ ਵਾਲੇ ਹੋਣ ਅਤੇ ਨਿਆਂਪਾਲਿਕਾ ਦੀ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵੀ ਹੋਣ।’’ ਬੈਂਚ ਨੇ ਹੁਕਮ ਦਿੱਤਾ, “ਅਸੀਂ ਰਜਿਸਟਰੀ ਨੂੰ ਅਜੈ ਸ਼ੁਕਲਾ ਵਿਰੁੱਧ ਖੁਦ ਹੀ ਮਾਣਹਾਨੀ ਵਜੋਂ ਕੇਸ ਦਰਜ ਕਰਨ ਦਾ ਨਿਰਦੇਸ਼ ਦਿੰਦੇ ਹਾਂ। ਯੂਟਿਊਬ ਚੈਨਲ ਨੂੰ ਪ੍ਰਤੀਵਾਦੀ ਬਣਾਇਆ ਜਾਵੇਗਾ। ਅਟਾਰਨੀ ਜਨਰਲ ਆਰ ਵੈਂਕਟਰਮਣੀ ਅਤੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਦਾਲਤ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।’’ ਸ਼ੁਕਲਾ ਨੇ ਸੇਵਾਮੁਕਤ ਹੋਣ ਜਾ ਰਹੀ ਜੱਜ ਬੇਲਾ ਐਮ ਤਿ੍ਰਵੇਦੀ ਵਿਰੁੱਧ ਟਿੱਪਣੀਆਂ ਵਾਲੀ ਇੱਕ ਵੀਡੀਓ ਪੋਸਟ ਕੀਤੀ ਸੀ।

