ਇੰਫਾਲ, (ਰਾਜੇਸ਼ ਥਾਪਾ) ਬੁੱਧਵਾਰ ਮਨੀਪੁਰ ਦੀ ਰਾਜਧਾਨੀ ਇੰਫਾਲ ਵਿਖੇ ‘ਇਰਾਵਤ ਭਵਨ’ ਵਿਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਜਵਾਨੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗਰਾਊਂਡਾਂ ਵਿੱਚ ਜਾਵੇ, ਉਹ ਦੇਸ਼ ਲਈ ਮੈਡਲ ਲਿਆਵੇ। ਜਵਾਨੀ ਸਾਡੇ ਪਿੰਡਾਂ- ਸ਼ਹਿਰਾਂ, ਸੂਬਿਆਂ ਦਾ, ਦੇਸ਼ ਦਾ ਮਾਣ ਵਧਾਵੇ। ਇਹ ਚੰਗੀਆਂ ਇੱਛਾਵਾਂ ਨੇ, ਜੇ ਇਹ ਪੂਰੀਆਂ ਕਰਨੀਆਂ ਨੇ ਤਾਂ ਸਰਕਾਰਾਂ ਨੂੰ ਕਹਿਣਾ ਹੋਵੇਗਾ ਕਿ ਜਵਾਨੀ ਨੂੰ ਸਹੂਲਤਾਂ ਦਿਓ, ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਉਹ ਸਾਨੂੰ ਮੈਡਲ ਦੇਣਗੇ।
ਨੌਜਵਾਨਾਂ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਅਤੇ ਹੈਂਡਬਾਲ ਦੇ ਸਾਬਕਾ ਰਾਸ਼ਟਰੀ ਖਿਡਾਰੀ ਸੋਮੋਰਜੀਤ ਨੇ ਕੀਤੀ। ਮੀਟਿੰਗ ਦੌਰਾਨ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਫੁੱਟਬਾਲ ਦੀ ਖੇਡ ਵਿੱਚ ਦੇਸ਼ ਦਾ 120ਵਾਂ ਰੈਂਕ ਹੈ ਤੇ ਮਨੀਪੁਰ ਵਰਗੇ ਸੂਬਿਆਂ ਦੇ ਨੌਜਵਾਨ ਜਿਹਨਾਂ ਨੂੰ ਇਸ ਖੇਡ ਪ੍ਰਤੀ ਅੰਤਾਂ ਦਾ ਸ਼ੌਕ ਹੈ, ਉਹ ਫੁੱਟਬਾਲ ਦੇ ਵੱਡੇ ਮੈਦਾਨਾਂ ਜੌਹਰ ਵਿਖਾਉਣ ਦੀ ਬਜਾਏ ਮਜਬੂਰੀਆਂ ਮਾਰੇ ਮੁੰਬਈ ਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਰੁਜ਼ਗਾਰ ਲਈ ਠੋਕਰਾਂ ਖਾ ਰਹੇ ਹਨ। ਸਾਡੇ ਦੇਸ਼ ਵਿੱਚ ਇਸ਼ਤਿਹਾਰਬਾਜ਼ੀ ਰਾਹੀਂ ਖੇਡਾਂ ਬਾਰੇ ਅਰਬਾਂ ਰੁਪਏ ਤਾਂ ਵਹਾਅ ਦਿੱਤੇ ਜਾਂਦੇ, ਪਰ ਖਿਡਾਰੀਆਂ ਲਈ ਸਹੂਲਤਾਂ ਅਤੇ ਸਭ ਤੋਂ ਲੋੜੀਂਦੇ ਰੁਜ਼ਗਾਰ ਬਾਰੇ ਕੋਈ ਠੋਸ ਯੋਜਨਾ ਨਹੀਂ ਬਣਾਈ ਗਈ।
ਮਹੇਸਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਪਾਸ ਹੋਣਾ ਚਾਹੀਦਾ, ਜਿਸ ਦੇ ਤਹਿਤ ਹੋਰ ਸਭਨਾਂ ਵਾਂਗ ਖਿਡਾਰੀਆਂ ਲਈ ਪੱਕੀ ਨੌਕਰੀ ਦੀ ਗਰੰਟੀ ਹੋਵੇ ਤਾਂ ਜੋ ਉਹ ਰੋਟੀ ਵੱਲੋਂ ਬੇਫ਼ਿਕਰ ਹੋ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਵੀ ਕਰਨ ਅਤੇ ਆਰਥਕ ਤੰਗੀਆਂ ਮਾਰੇ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੂੰ ਆਪਣੇ ਹੁਨਰ ਅਤੇ ਮੈਡਲਾਂ ਦੀ ਨਿਲਾਮੀ ਨਾ ਕਰਨੀ ਪਵੇ।
ਚਰਚਾ ਕਰਦਿਆਂ ਸੂਬਾ ਪ੍ਰਧਾਨ ਸੋਮੋਰਜੀਤ ਅਤੇ ਸੂਬਾ ਸਕੱਤਰ ਹੇਮਾਲਿਆ ਨੇ ਕਿਹਾ ਕਿ ਮਨੀਪੁਰ ਦੀ ਨੌਜਵਾਨ ਪੀੜ੍ਹੀ ਮਿਹਨਤੀ ਹੈ। ਹੁਣ ਵੀ ਕਾਮਨਵੈਲਥ ਖੇਡਾਂ ਵਿੱਚ ਉਸ ਨੇ ਸੂਬੇ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਮਨੀਪੁਰ ਦੇ ਖਿਡਾਰੀਆਂ ਨੇ ਪਹਿਲਾਂ ਵੀ ਓਲੰਪਿਕ ਅਤੇ ਹੋਰਨਾਂ ਟੂਰਨਾਮੈਂਟਾਂ ਵਿੱਚ ਮਾਣਯੋਗ ਪ੍ਰਦਰਸ਼ਨ ਕੀਤੇ ਹਨ, ਪਰ ਇਸ ਦੇ ਬਾਵਜੂਦ ਸੂਬੇ ਵਿੱਚ ਨਸ਼ਿਆਂ ਦੀ ਦਖਲਅੰਦਾਜ਼ੀ ਵਧਾਈ ਜਾ ਰਹੀ ਹੈ। ਅੰਤਰਰਾਸ਼ਟਰੀ ਸਰਹੱਦ ਰਾਹੀਂ ਮਿਆਂਮਾਰ ਤੋਂ ਮਨੀਪੁਰ ਅਤੇ ਇੱਥੋਂ ਅੱਗੇ ਹੋਰ ਕਈ ਸੂਬਿਆਂ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਮਨੀਪੁਰੀ ਨੌਜਵਾਨ ਮੁੱਢਲੀਆਂ ਸਹੂਲਤਾਂ ਨਾ ਹੋਣ ਦੇ ਬਾਵਜੂਦ ਆਪਣਾ ਖੇਡ ਸ਼ੌਕ ਪਾਲਦੇ ਹਨ, ਪਰ ਉਹਨਾਂ ਦੇ ਸੁਪਨੇ ਰੁਜ਼ਗਾਰ ਦੀ ਪੱਕੀ ਵਿਵਸਥਾ ਨਾ ਹੋਣ ਕਾਰਨ ਟੁੱਟ ਜਾਂਦੇ ਹਨ। ਜੇਕਰ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਸਥਾਪਤ ਹੋਵੇ ਤਾਂ ਮਨੀਪੁਰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ। ਉਹਨਾਂ ਕਿਹਾ ਕਿ ਦਸ-ਪੰਦਰਾਂ ਹਜ਼ਾਰ ਰੁਪਏ ਲਈ ਜਿਹੜੇ ਮਨੀਪੁਰੀ ਆਪਣਾ ਘਰ-ਬਾਰ ਛੱਡ ਕੇ ਰੋਟੀ ਦੀ ਭਾਲ ਵਿੱਚ ਜਾਂਦੇ ਹਨ, ਜੇ ਇਹੀ ਰੁਜ਼ਗਾਰ ਵਾਸਤੇ ਕਾਨੂੰਨ ਤਹਿਤ ਅਣ-ਸਿੱਖਿਅਤ ਲਈ 25000, ਅਰਧ ਸਿੱਖਿਅਤ ਲਈ 30000, ਸਿੱਖਿਅਤ ਲਈ 35000 ਅਤੇ ਉੱਚ ਸਿੱਖਿਅਤ ਲਈ 40000 ਰੁਪਏ ਘੱਟੋ-ਘੱਟ ਪ੍ਰਤੀ ਮਹੀਨਾ ਤਨਖ਼ਾਹ ਦੀ ਗਰੰਟੀ ਹੋਵੇ ਤਾਂ ਖੇਡ ਵੀ ਤੇ ਘਰ ਵੀ ਬੁਲੰਦੀ ਛੂਹਣਗੇ। ਇਸ ਮੌਕੇ ਰਾਮਾਨੰਦਾ, ਵਿਕਟਰ ਪਾਮੂਬਾ, ਐਡਵੋਕੇਟ ਪਰਥਾ ਤੇ ਅਜੇ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।