ਪਟਾਕਾ ਫੈਕਟਰੀ ’ਚ ਧਮਾਕਾ : 5 ਮੌਤਾਂ, 34 ਫੱਟੜ

0
151

ਸ੍ਰੀ ਮੁਕਤਸਰ ਸਾਹਿਬ/ਲੰਬੀ/ਮਲੋਟ (ਸ਼ਮਿੰਦਰਪਾਲ/ਪੂਜਾ/ਓਮ ਪ੍ਰਕਾਸ਼ ਸ਼ੇਖੂ)
ਵੀਰਵਾਰ ਰਾਤ ਕਰੀਬ ਇੱਕ ਵਜੇ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਜ਼ਬਰਦਸਤ ਧਮਾਕੇ ਨਾਲ 5 ਜਣਿਆਂ ਦੀ ਮੌਤ ਹੋ ਗਈ ਅਤੇ 34 ਜਣੇ ਗੰਭੀਰ ਜ਼ਖਮੀ ਹੋ ਗਏ।
ਫੈਕਟਰੀ ਦੀ ਦੋ ਮੰਜ਼ਿਲਾ ਬਿਲਡਿੰਗ ਪਲਾਂ ਵਿੱਚ ਮਲਬੇ ’ਚ ਤਬਦੀਲ ਹੋ ਗਈ। ਧਮਾਕਾ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿੱਚ ਹੋਇਆ। ਫੈਕਟਰੀ ‘ਆਪ’ ਵਰਕਰ ਦੀ ਮਲਕੀਅਤ ਦੱਸੀ ਜਾ ਰਹੀ ਹੈ, ਜਦਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਯੂ ਪੀ ਦੇ ਹਾਥਰਸ ਦੇ ਠੇਕੇਦਾਰ ਰਾਜ ਕੁਮਾਰ ਦੀ ਅਗਵਾਈ ਹੇਠ ਹੁੰਦਾ ਸੀ, ਜੋ ਕਿ ਘਟਨਾ ਮਗਰੋਂ ਫਰਾਰ ਦੱਸਿਆ ਜਾ ਰਿਹਾ ਹੈ। ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ। ਧਮਾਕੇ ਵੇਲੇ 6 ਵਰਕਰ ਕੰਮ ਕਰ ਰਹੇ ਸਨ ਜਦਕਿ 33 ਮਜ਼ਦੂਰ ਪਹਿਲੀ ਮੰਜ਼ਲ ’ਤੇ ਬਣੇ ਕਮਰੇ ਵਿੱਚ ਸੁੱਤੇ ਪਏ ਸਨ। ਇੱਕ ਵਰਕਰ ਬਾਹਰ ਸੁੱਤਾ ਪਿਆ ਸੀ। ਵਰਕਰ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਕੁਝ ਆਪਣੇ ਪਰਵਾਰਾਂ ਸਮੇਤ ਵੀ ਇੱਥੇ ਰਹਿੰਦੇ ਸਨ। ਜ਼ਿਆਦਾਤਰ ਵਰਕਰ ਯੂ ਪੀ ਅਤੇ ਬਿਹਾਰ ਨਾਲ ਸੰਬੰਧਤ ਦੱਸੇ ਜਾਂਦੇ ਸਨ। ਸੂਤਰਾਂ ਮੁਤਾਬਕ ਤਰਸੇਮ ਸਿੰਘ ਦੇ ਪੁੱਤਰ ਨਵਰਾਜ ਸਿੰਘ ਵਾਸੀ ਫਤੂਹੀਵਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਪਟਾਕੇ ਬਣਾਉਣ ਲਈ ਲਸੰਸ ਦੇਣ ਲਈ ਅਰਜ਼ੀ ਦਿੱਤੀ ਸੀ। ਉਸ ਦੀ ਜ਼ਮੀਨ ਸੰਬੰਧੀ ਪੜਤਾਲ ਰਿਪੋਰਟ ਅਪਰੈਲ ਮਹੀਨੇ ਵਿੱਚ ਹੋਈ ਸੀ। ਏ ਡੀ ਸੀ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਲਸੰਸ ਦੀ ਪ੍ਰਕਿਰਿਆ ਲੰਬੀ ਹੁੰਦੀ ਹੈ। ਇਹ ਜਾਂਚ ਦਾ ਵਿਸ਼ਾ ਹੈ ਕਿ ਲਸੰਸ ਮਿਲਣ ਤੋਂ ਬਿਨਾਂ ਫੈਕਟਰੀ ਸ਼ੁਰੂ ਕਿਵੇਂ ਕੀਤੀ ਗਈ। ਥਾਣਾ ਕਿੱਲਿਆਂਵਾਲੀ ਦੀ ਐੱਸ ਐੱਚ ਓ ਕਰਮਜੀਤ ਕੌਰ ਨੇ ਦੱਸਿਆ ਕਿ ਤਰਸੇਮ ਸਿੰਘ, ਉਸਦੀ ਪਤਨੀ ਸੁਖਚੈਨ ਕੌਰ ਤੇ ਬੇਟੇ ਨਵਰਾਜ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਜੋ ਲੰਬੀ ਤੋਂ ਵਿਧਾਇਕ ਵੀ ਹਨ, ਨੇ ਕਿਹਾ, ‘‘ਫੈਕਟਰੀ ਮਾਲਕ ਤਰਸੇਮ ਸਿੰਘ ‘ਆਪ’ ਦਾ ਸਮਰਥਕ ਹੈ, ਪਰ ਇਸ ਨਾਲ ਕਿਸੇ ਨੂੰ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲਦੀ। ਕਾਨੂੰਨ ਆਪਣਾ ਕੰਮ ਕਰੇਗਾ। ਮੈਂ ਸੁਣਿਆ ਹੈ ਕਿ ਉਸ ਨੇ ਵਿਭਾਗੀ ਇਜਾਜ਼ਤ ਲਈ ਅਰਜ਼ੀ ਦਿੱਤੀ ਸੀ, ਜੋ ਅਜੇ ਤੱਕ ਨਹੀਂ ਦਿੱਤੀ ਗਈ।’’
ਖੁੱਡੀਆਂ ਨੇ ਬਠਿੰਡਾ ਏਮਜ਼ ਵਿੱਚ ਜ਼ਖਮੀਆਂ ਦਾ ਹਾਲਚਾਲ ਜਾਣਿਆ ਤੇ ਕਿਹਾ ਕਿ ਇਲਾਜ ਦਾ ਸਾਰਾ ਖਰਚ ਸਰਕਾਰ ਕਰੇਗੀ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਏਮਜ਼ ਬਠਿੰਡਾ ’ਚ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ। ਉਨ੍ਹਾ ਸਰਕਾਰ ਤੋਂ ਪੀੜਤ ਪਰਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ।