ਜਾਨੀ ਨੁਕਸਾਨ ਤੋਂ ਬਚਾਅ ਰਿਹਾ

0
188

ਖੰਨਾ (ਸੁਖਵਿੰਦਰ ਸਿੰਘ ਭਾਦਲਾ)
ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਸਨਿੱਚਰਵਾਰ ਦਿਨੇ ਦੋ ਹਾਦਸੇ ਵਾਪਰ, ਪਰ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਬਾਅਦ ਦੁਪਹਿਰ ਕਰੀਬ 3 ਵਜੇ ਦੇ ਕਰੀਬ ਮੰਡੀ ਗੋਬਿੰਦਗੜ੍ਹ ਤੋਂ ਸਰੀਆ ਲੋਡ ਕਰਕੇ ਲੁਧਿਆਣਾ ਜਾ ਰਿਹਾ ਕੈਂਟਰ ਅਮਲੋਹ ਰੋਡ ਪੁਲ ਉੱਪਰ ਚੜ੍ਹਿਆ ਤਾਂ ਉਸ ਵਿੱਚ ਦਿੱਲੀ ਏਅਰਪੋਰਟ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ਼ ਦੀ ਵੋਲਵੋ ਪਿੱਛਿਓਂ ਵੱਜੀ। ਨਤੀਜੇ ਵਜੋਂ ਕੈਂਟਰ ਰੇਲਿੰਗ ’ਤੇ ਜਾ ਚੜ੍ਹਿਆ ਪਰ ਹੇਠਾਂ ਡਿੱਗਣ ਤੋਂ ਬਚਾਅ ਰਿਹਾ।
ਕੈਂਟਰ ਦੇ ਡਰਾਈਵਰ ਦੀਪਕ ਸ਼ਰਮਾ ਨੇ ਕਿਹਾ ਕਿ ਬੱਸ ਦੇ ਡਰਾਈਵਰ ਨੇ ਤੇਜ਼ ਸਪੀਡ ਨਾਲ ਲਿਆ ਕੇ ਕੈਂਟਰ ਵਿੱਚ ਮਾਰੀ ਜਦਕਿ ਬੱਸ ਦੇ ਡਰਾਈਵਰ ਸਤਨਾਮ ਸਿੰਘ ਨੇ ਕਿਹਾ ਕਿ ਕੈਂਟਰ ਵਾਲੇ ਨੇ ਇਕਦਮ ਬਰੇਕ ਮਾਰ ਦਿੱਤੀ, ਜਿਸ ਕਾਰਨ ਬੱਸ ਉਸ ਨਾਲ ਜਾ ਟਕਰਾਈ। ਕੈਂਟਰ ਵਿੱਚ ਲੱਦਿਆ ਸਰੀਆ ਕੈਂਟਰ ਦੀ ਬਾਡੀ ਤੋਂ ਬਹੁਤ ਜ਼ਿਆਦਾ ਬਾਹਰ ਸੀ। ਇਸ ਨਾਲ ਸਵਾਰੀਆਂ ਦਾ ਬਹੁਤ ਨੁਕਸਾਨ ਹੋ ਸਕਦਾ ਸੀ। ਉਸ ਵੱਲੋਂ ਬੱਸ ਨੂੰ ਬਹੁਤ ਜ਼ਿਆਦਾ ਕੱਟਣ ਕਰਕੇ ਜਾਨੀ ਨੁਕਸਾਨ ਹੋਣੋਂ ਬਚ ਗਿਆ। ਮੌਕੇ ’ਤੇ ਪਹੁੰਚ ਕੇ ਪੁਲਸ ਜ਼ਿਲ੍ਹਾ ਖੰਨਾ ਦੇ ਟਰੈਫਿਕ ਇੰਚਾਰਜ ਰਵਿੰਦਰ ਕੁਮਾਰ ਨੇ ਟਰੈਫਿਕ ਨੂੰ ਸੁਚਾਰੂ ਕਰਵਾਇਆ। ਇਸ ਤੋਂ ਪਹਿਲਾਂ ਦੁਪਹਿਰ 12 ਵਜੇ ਦੇ ਕਰੀਬ ਸਮਰਾਲਾ ਚੌਕ ਨੇੜੇ ਸਮਾਣਾ ਤੋਂ ਪਲਾਸਟਿਕ ਦਾਣਾ ਭਰ ਕੇ ਲੁਧਿਆਣਾ ਜਾ ਰਹੇ ਛੋਟੇ ਹਾਥੀ ’ਚ ਮਹਿੰਦਰਾ ਪਿੱਕਅੱਪ ਪਿੱਛਿਓਂ ਵੱਜੀ ਤੇ ਪਲਟ ਗਈ। ਪਿੱਕਅੱਪ ਦਿੱਲੀ ਤੋਂ ਏ ਸੀ ਲੋਡ ਕਰਕੇ ਲੁਧਿਆਣਾ ਜਾ ਰਹੀ ਸੀ। ਜਾਨੀ ਨੁਕਸਾਨ ਤੋਂ ਬਚਾਅ ਰਿਹਾ।