ਬੀਬੀ ਗੁਲਾਬ ਕੌਰ ਨੂੰ ਸਮਰਪਤ ਹੋਏਗਾ 34ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’

0
203

ਜਲੰਧਰ : ਗ਼ਦਰ ਲਹਿਰ ਦੀ ਸਿਰਮੌਰ ਵੀਰਾਂਗਣਾ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਤ ਹੋਏਗਾ ‘34ਵਾਂ ਮੇਲਾ ਗ਼ਦਰੀ ਬਾਬਿਆਂ ਦਾ।’ ਹਰ ਸਾਲ ਨਵੀਆਂ ਬੁਲੰਦੀਆਂ ਨੂੰ ਛੂੰਹਦਾ ਮੇਲਾ ਗ਼ਦਰੀ ਬਾਬਿਆਂ ਦਾ, ਇਸ ਵਰੇ੍ਹ ਗ਼ਦਰੀ ਗੁਲਾਬ ਕੌਰ ਦੀ ਸੰਗਰਾਮੀ ਜੀਵਨ ਗਾਥਾ ਦੇ ਹਵਾਲੇ ਨਾਲ ਸਾਡੇ ਸਮਿਆਂ ਅੰਦਰ ਵੰਨ-ਸੁਵੰਨੀ ਗ਼ੁਲਾਮੀ, ਵਿਤਕਰੇ, ਨਿਰਾਦਰ ਅਤੇ ਸਿਤਮ ਹੰਢਾਉਂਦੇ ਔਰਤ ਵਰਗ ਲਈ ਉੱਘੜਵਾਂ ਸੁਨੇਹਾ ਦੇਵੇਗਾ ਕਿ ਮਿਹਨਤਕਸ਼ ਸਮੂਹ ਤਬਕਿਆਂ ਦੇ ਮੋਢੇ ਸੰਗ ਮੋਢਾ ਜੋੜ ਕੇ ਗ਼ਦਰੀ ਗੁਲਾਬ ਕੌਰ ਵਰਗੀ ਮਚਲਦੀ ਭਾਵਨਾ ਨਾਲ ਲੋਕਾਂ ਦੇ ਵਿਹੜੇ ਨਵੀਂ ਬਸੰਤ ਰੁੱਤ ਲਿਆਉਣ ਲਈ ਲੋਕ ਸੰਗਰਾਮ ਦਾ ਰਾਹ ਹੀ ਇੱਕੋ-ਇੱਕ ਸੁਵੱਲੜਾ ਰਾਹ ਹੈ।
ਸ਼ਨੀਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ’ਚ ਉਪਰੋਕਤ ਸੰਕਲਪ ਦੁਹਰਾਉਂਦਿਆਂ ਫੈਸਲਾ ਕੀਤਾ ਗਿਆ ਕਿ ਹੁਣ ਤੋਂ ਹੀ ਦੇਸ਼-ਬਦੇਸ਼ ਵਸਦੇ ਗ਼ਦਰੀ ਸੰਗਰਾਮੀਆਂ ਦੇ ਵਾਰਸਾਂ ਵੱਲੋਂ ਥਾਓਂ-ਥਾਈਂ ਸਮਾਗਮ, ਪ੍ਰਚਾਰ ਮੁਹਿੰਮ ਅਤੇ ਕਾਫ਼ਲੇ ਬੰਨ੍ਹ ਕੇ ਪਹਿਲੀ ਨਵੰਬਰ 2025 ਨੂੰ ਸਿਖ਼ਰਾਂ ਛੋਹਣ ਵਾਲੇ ਮੇਲੇ ਵਿੱਚ ਹੁੰਮ-ਹੁੰਮਾ ਕੇ ਸ਼ਾਮਲ ਹੋਣ ਲਈ ਜ਼ੋਰਦਾਰ ਤਿਆਰੀਆਂ ਆਰੰਭ ਦੇਣੀਆਂ ਚਾਹੀਦੀਆਂ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਦੇ ਫੈਸਲੇ ਸਾਂਝੇ ਕਰਦਿਆਂ ਦੱਸਿਆ ਕਿ 28 ਜੂਨ (ਸਨਿੱਚਰਵਾਰ) ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਬਹੁਤ ਹੀ ਭਖ਼ਦੇ ਮੁੱਦਿਆਂ ਉਪਰ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਜਾਏਗੀ, ਜਿਸ ਵਿੱਚ ਖ਼ਾਸ ਕਰਕੇ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ, ਵਿਸ਼ਵ ਤੇ ਦੇਸੀ ਕਾਰਪੋਰੇਟ ਘਰਾਣਿਆਂ ਵੱਲੋਂ ਸਾਡੇ ਮੁਲਕ ਦੇ ਜੰਗਲ, ਜਲ, ਜ਼ਮੀਨ, ਸਿੱਖਿਆ, ਸਿਹਤ, ਰੁਜ਼ਗਾਰ, ਸਾਹਿਤ, ਸੱਭਿਆਚਾਰ, ਬੋਲੀ ਆਦਿ ਉਪਰ ਮੁਕੰਮਲ ਜੱਫਾ ਮਾਰਨ ਅਤੇ ਲੋਕ ਆਵਾਜ਼ ਦੀ ਮੂਲੋਂ ਸੰਘੀ ਨੱਪਣ ਲਈ ਵੰਨ-ਸੁਵੰਨੇ ਲੇਬਲਾਂ ਹੇਠ ਬੋਲੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਗੰਭੀਰ ਵਿਚਾਰ-ਚਰਚਾ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਕਾਰਜ ਹੋਰ ਵੀ ਸ਼ਿੱਦਤ ਨਾਲ ਹੱਥ ਲਿਆ ਜਾਵੇਗਾ।
ਮੀਟਿੰਗ ’ਚ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਅਤੇ ਜੀ ਟੀ ਰੋਡ ਦੀ ਤਰਫ਼ ਗ਼ਦਰੀ ਦੇਸ਼ ਭਗਤਾਂ ਅਤੇ ਇਨਕਲਾਬੀਆਂ ਦੇ ਭੁੱਲੇ-ਵਿਸਰੇ ਨਗ਼ਮੇ ਗੂੰਜਣ ਲਾਉਣ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸਾਰੇ ਸੈਮੀਨਾਰ ਅਤੇ ਆਡੀਟੋਰੀਅਮ ਹਾਲਾਂ ਵਿੱਚ ਸਾਊਂਡ ਸਿਸਟਮ ਲਾਉਣ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਕਾਰਜ ਤਰਜੀਹ ਦੇ ਆਧਾਰ ’ਤੇ ਹੱਥ ਲੈਣ ਦਾ ਮਤਾ ਪਾਸ ਕੀਤਾ ਗਿਆ। ਸਾਊਂਡ ਸਿਸਟਮ ਲਈ ਵਿਸ਼ੇਸ਼ ਆਰਥਕ ਸਹਾਇਤਾ ਕਰਨ ਲਈ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਦਾ ਧੰਨਵਾਦ ਕੀਤਾ ਗਿਆ। ਬੋਰਡ ਆਫ਼ ਟਰੱਸਟ ਨੇ ਖੜ੍ਹੇ ਹੋ ਕੇ ਸੀ ਪੀ ਆਈ ਮਾਓਵਾਦੀ ਦੇ ਜਨਰਲ ਸਕੱਤਰ ਕੇਸ਼ਵ ਰਾਓ ਅਤੇ ਔਰਤ ਸਾਥੀਆਂ ਸਮੇਤ ਦਰਜਨਾਂ ਕਮਿਊਨਿਸਟ ਇਨਕਲਾਬੀਆਂ ਨੂੰ ਸੂਹੀ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਆਰ ਐੱਮ ਪੀ ਆਈ ਗੁਰਦਾਸਪੁਰ ਦੇ ਦਰਸ਼ਨ ਸਿੰਘ, ਸੇਵਾ ਸਿੰਘ ਨਬੀਪੁਰ, ਤਰਨ ਤਾਰਨ ਪੱਟੀ, ਪ੍ਰੇਮ ਸਿੰਘ ਮੰਢਾਲੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ’ਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੂਨ ਮਹੀਨੇ ਝੋਨੇ ਦੀ ਲੁਆਈ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸਿਖਿਆਰਥੀ ਚੇਤਨਾ ਕੈਂਪ ਸਤੰਬਰ ਮਹੀਨੇ ਦੇਸ਼ ਭਗਤ ਯਾਦਗਾਰ ਹਾਲ ’ਚ ਲਗਾਇਆ ਜਾਏਗਾ। ਮੀਟਿੰਗ ’ਚ ਅਹੁਦੇਦਾਰਾਂ ਤੋਂ ਇਲਾਵਾ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਡਾ. ਪਰਮਿੰਦਰ ਸਿੰਘ, ਹਰਦੇਵ ਸਿੰਘ ਅਰਸ਼ੀ, ਗੁਰਮੀਤ ਸਿੰਘ, ਰਣਜੀਤ ਸਿੰਘ ਔਲਖ ਤੇ ਪ੍ਰਗਟ ਸਿੰਘ ਜਾਮਾਰਾਏ ਵੀ ਮੌਜੂਦ ਸਨ।