ਭਾਜਪਾ ਨੇ ਜੀਵਨ ਗੁਪਤਾ ਨੂੰ ਉਤਾਰਿਆ

0
140

ਲੁਧਿਆਣਾ : ਭਾਜਪਾ ਨੇ ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਦੀ ਉਪ ਚੋਣ ਲਈ ਸ਼ੁੱਕਰਵਾਰ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ। ਆਰ ਐੱਸ ਐੱਸ ਪਿਛੋਕੜ ਵਾਲੇ ਗੁਪਤਾ ਪੰਜਾਬ ਭਾਜਪਾ ਦੇ ਉਪ ਪ੍ਰਧਾਨ, ਜਨਰਲ ਸਕੱਤਰ ਤੇ ਸਕੱਤਰ ਰਹਿ ਚੁੱਕੇ ਹਨ। ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 2 ਜੂਨ ਹੈ। ਆਪ ਉਮੀਦਵਾਰ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਪਹਿਲਾਂ ਹੀ ਕਾਗਜ਼ ਦਾਖਲ ਕਰ ਚੁੱਕੇ ਹਨ। ਇਹ ਚੋਣ ‘ਆਪ’ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਕਾਰਨ ਕਰਾਉਣੀ ਪੈ ਰਹੀ ਹੈ। ਗੋਗੀ 40 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਕੇ ਵੇਲੇ ਦੇ ਮੰਤਰੀ ਆਸ਼ੂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਆਸ਼ੂ ਨੂੰ 32931 ਵੋਟਾਂ ਮਿਲੀਆਂ ਸਨ। ਭਾਜਪਾ ਦੇ ਬਿਕਰਮ ਸਿੰਘ ਸਿੱਧੂ 28107 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਹੇ ਸਨ। ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਸਨ, ਪਰ ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਵਿੱਚ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੇ ਸਭ ਤੋਂ ਵੱਧ 45424 ਵੋਟਾਂ ਹਾਸਲ ਕੀਤੀਆਂ ਸਨ। ਰਾਜਾ ਵੜਿੰਗ ਨੂੰ 30889 ਵੋਟਾਂ ਮਿਲੀਆਂ ਸਨ, ਜਦਕਿ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਕਾਫੀ ਪਿੱਛੇ ਰਹਿ ਗਏ ਸਨ। ਇਸ ਤਰ੍ਹਾਂ ਐਤਕੀਂ ਲੁਧਿਆਣਾ ਪੱਛਮੀ ਤੋਂ ਫਸਵਾਂ ਮੁਕਾਬਲਾ ਹੋਣ ਦੀ ਉਮੀਦ ਹੈ। ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਹੁੰਦਿਆਂ 1997 ਤੇ 2007 ਵਿੱਚ ਇਹ ਸੀਟ ਜਿੱਤੀ ਸੀ, ਪਰ ਹੁਣ ਦੋਨੋਂ ਪਾਰਟੀਆਂ ਅੱਡ-ਅੱਡ ਲੜ ਰਹੀਆਂ ਹਨ।