ਪਾਰਟੀ ਕਾਂਗਰਸ ਮੌਕਾ ਵੀ ਤੇ ਚੁਣੌਤੀ ਵੀ : ਬੰਤ ਬਰਾੜ

0
161

ਚੰਡੀਗੜ੍ਹ (ਗਿਆਨ ਸੈਦਪੁਰੀ)
‘ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਸਤੰਬਰ ਮਹੀਨੇ ਵਿੱਚ ਉਸ ਮੌਕੇ ਹੋ ਰਹੀ ਹੈ, ਜਦੋਂ ਪੰਜਾਬ ਵਿੱਚ ਬੁਰਜੂਆ ਸਿਆਸੀ ਪਾਰਟੀਆਂ ਦੀ ਰਾਜਨੀਤੀ ਤੋਂ ਲੋਕ ਉਕਤਾਅ ਚੁੱਕੇ ਹਨ, ਨਿਰਾਸ਼ ਹਨ, ਉਦਾਸ ਹਨ। ਉਹ ਅੱਗੇ ਦੇ ਰਸਤੇ ਦੀ ਭਾਲ ਵਿੱਚ ਹਨ। ਪਾਰਟੀ ਕਾਂਗਰਸ ਦੇ ਸਬੱਬ ਕਮਿਊਨਿਸਟ ਪਾਰਟੀ ਲਈ ਉਭਰਨ ਦਾ ਵੀ ਮੌਕਾ ਹੈ ਤੇ ਸ਼ਾਨਾਮੱਤੇ ਇਤਿਹਾਸ ਨੂੰ ਲੋਕਾਂ ਦੇ ਸਨਮੁੱਖ ਕਰਨ ਦਾ ਵੀ, ਉਕਤ ਸਾਰ ਤੱਤ ਹੈ, ਉਸ ਵਿਚਾਰ ਵਟਾਂਦਰੇ ਦਾ, ਜੋ ਸੀ ਪੀ ਆਈ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੀਟਿੰਗ ਵਿੱਚ ਹੋਇਆ। ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਉੱਘੇ ਚਿੰਤਕ ਤੇ ਪੱਤਰਕਾਰ ਡਾ. ਸਵਰਾਜਬੀਰ ਸਿੰਘ ਨੇ ਕੀਤੀ। ਮੀਟਿੰਗ ਵਿੱਚ ਸੀ ਪੀ ਆਈ ਦੇ ਆਗੂ, ਸਾਹਿਤਕਾਰ, ਪੱਤਰਕਾਰ, ਵੱਖ-ਵੱਖ ਚੈਨਲਾਂ ਦੇ ਸੰਚਾਲਕ ਅਤੇ ਪਾਰਟੀ ਕਾਰਕੁਨ ਸ਼ਾਮਲ ਹੋਏ।
ਡਾ. ਸਵਰਾਜਬੀਰ ਨੇ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਸੀ ਪੀ ਆਈ ਦੀ 25ਵੀਂ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਕਰਵਾ ਰਹੀ ਹੈ। ਇਸ ਅਹਿਮ ਕੰਮ ਨੂੰ ਨੇਪਰੇ ਚਾੜ੍ਹਨ ਲਈ ਪਾਰਟੀ ਪੂਰੇ ਉਤਸ਼ਾਹ ਵਿੱਚ ਹੈ। ਸੰਬੰਧਤ ਸਾਰੀਆਂ ਧਿਰਾਂ ਖੁਸ਼ੀ ਦੇ ਰੌਂਅ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੋ ਟੀ ਵੀ ਚੈਨਲਾਂ ਨੂੰ ਤਕੜੇ ਹੋ ਕੇ ਚਲਾਉਣ ਦਾ ਵਿਚਾਰ ਸਾਡੇ ਸਾਹਮਣੇ ਹੈ। ਇੱਕ ਪਾਰਟੀ ਦੀਆਂ ਖ਼ਬਰਾਂ ਵਗੈਰਾ ਲਈ ਤੇ ਦੂਸਰਾ ਸਾਹਿਤਕ ਹੋਵੇ। ਉਨ੍ਹਾਂ ਨੇ ਰੋਜ਼ਾਨਾ ਨਵਾਂ ਜ਼ਮਾਨਾ ਤੇ ਨਵਾਂ ਜ਼ਮਾਨਾ ਵੈੱਬ ਟੀ ਵੀ ਦਾ ਉਚੇਚ ਨਾਲ ਜ਼ਿਕਰ ਕੀਤਾ।
ਪਾਰਟੀ ਕਾਂਗਰਸ ਲਈ ਟੀਜ਼ਰ ਬਣਾਉਣ ਦੀ ਗੱਲ ਕਰਦਿਆਂ ਡਾ. ਸਵਰਾਜਬੀਰ ਨੇ ਕਿਹਾ ਕਿ ਇਨ੍ਹਾਂ ਵਾਸਤੇ ਚੰਗੀਆਂ ਅਵਾਜ਼ਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਮਹਾਨ ਗਾਇਕਾ ਸੁਰਿੰਦਰ ਕੌਰ ਦੀ ਧੀ ਨਾਲ ਗੱਲ ਹੋ ਚੁੱਕੀ ਹੈ। ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਰਟੀ ਕਾਂਗਰਸ ਜਿੱਥੇ ਸਾਡੇ ਲਈ ਮਹੱਤਵਪੂਰਨ ਮੌਕਾ ਹੈ, ਉੱਥੇ ਇੱਕ ਚੁਣੌਤੀ ਵੀ ਹੈ। ਉਨ੍ਹਾ ਕਿਹਾ ਕਿ ਪਾਰਟੀ ਦੇ ਇਤਿਹਾਸ ਤੋਂ ਲੋਕਾਂ ਨੂੰ ਕਿਹੜੇ ਢੰਗ-ਤਰੀਕਿਆਂ ਨਾਲ ਜਾਣੂ ਕਰਵਾਇਆ ਜਾਵੇ, ਇਸ ਦੇ ਟੀਚਿਆਂ ਦਾ ਪ੍ਰਚਾਰ ਕਿਸ ਤਰ੍ਹਾਂ ਕਰਨਾ ਹੈ, ਇਸ ਬਾਰੇ ਤਜਰਬੇਕਾਰ ਵਿਅਕਤੀਆਂ ਕੋਲੋਂ ਅਗਵਾਈ ਲੈ ਕੇ ਅੱਗੇ ਤੁਰਿਆ ਜਾ ਰਿਹਾ ਹੈ। ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ ਨੇ ਨਵਾਂ ਜ਼ਮਾਨਾ ਵੈੱਬ ਟੀ ਵੀ ਦੀਆਂ ਸੀਮਾਵਾਂ ਤੇ ਸਮੱਰਥਾਵਾਂ ਦੀ ਗੱਲ ਕਰਦਿਆਂ ਇਸ ਵੱਲੋਂ ਪਾਰਟੀ ਕਾਂਗਰਸ ਲਈ ਪਾਏ ਜਾ ਸਕਣ ਵਾਲੇ ਯੋਗਦਾਨ ਦੀ ਵਿਆਖਿਆ ਕੀਤੀ। ਉਨ੍ਹਾ ਹਰ ਤਰ੍ਹਾਂ ਦੇ ਸਹਿਯੋਗ ਦਾ ਯਕੀਨ ਦਿਵਾਉਂਦਿਆਂ ਪਾਰਟੀ ਕਾਰਕੁਨਾਂ ਨੂੰ ਵੈੱਬ ਟੀ ਵੀ ਵੱਲ ਵੱਧ ਤਵੱਜੋ ਦੇਣ ਦਾ ਸੁਝਾਅ ਵੀ ਦਿੱਤਾ।
ਡਾ. ਸਰਬਜੀਤ ਸਿੰਘ ਨੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣਦਿਆਂ ਕਿਹਾ ਕਿ ਸੋਚਣਾ ਬਣਦਾ ਹੈ ਕਿ ਜਦੋਂ ਪ੍ਰਚਾਰ ਦੇ ਸਾਧਨ ਸੀਮਤ ਸਨ ਤਾਂ ਪਾਰਟੀ ਦਾ ਪ੍ਰਚਾਰ ਵੱਧ ਸੀ, ਹੁਣ ਜਦੋਂ ਸਾਧਨ ਵਧੇਰੇ ਹਨ ਤਾਂ ਪ੍ਰਚਾਰ ਘੱਟ ਹੈ। ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ ਨੂੰ ਸੱਭਿਆਚਾਰਕ ਰੰਗ ਨਾਲ ਵਰਤਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸਾਡਾ ਟਾਰਗੈਟ ਯੰਗ ਜਨਰੇਸ਼ਨ ਹੋਣਾ ਚਾਹੀਦਾ ਹੈ।
ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਚਾਰ ਸਮੇਂ ਹਰ ਤਰ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ ਵਿਚਾਰਧਾਰਕ ਪੱਖ ਅੱਗੇ ਰੱਖਣਾ ਹੋਵੇਗਾ। ਉਨ੍ਹਾ ਕਿਹਾ ਕਿ ਪਾਰਟੀ ਨੂੰ ਕਲਾ ਅਤੇ ਕਲਾਕਾਰਾਂ ਬਾਰੇ ਪਹੁੰਚ ਬਦਲਣੀ ਚਾਹੀਦੀ ਹੈ। ਸਮਾਗਮਾਂ ਵਿੱਚ ਉਨ੍ਹਾਂ ਨੂੰ ਉਚਿੱਤ ਸਮੇਂ ਪੇਸ਼ਕਾਰੀਆਂ ਦਾ ਮੌਕਾ ਦਿੱਤਾ ਜਾਵੇ। ਡਾ. ਸਿਰਸਾ ਨੇ ਪਾਰਟੀ ਕਾਂਗਰਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੋਰ ਵੀ ਮੁੱਲਵਾਨ ਸੁਝਾਅ ਦਿੱਤੇ। ਸਾਥੀ ਗੁਰਨਾਮ ਕੰਵਰ ਨੇ ਪਾਰਟੀ ਕਾਂਗਰਸ ਦੀ ਸਫ਼ਲਤਾ ਲਈ ਚੱਲ ਰਹੀਆਂ ਸਰਗਰਮੀਆਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾ ਨਵਾਂ ਜ਼ਮਾਨਾ ਟੀ ਵੀ ਨੂੰ ਹੋਰ ਸਰਗਰਮ ਕਰਨ ਦਾ ਸੁਝਾਅ ਵੀ ਦਿੱਤਾ। ਐਡਵੋਕੇਟ ਪਰਮਜੀਤ ਢਾਬਾਂ ਨੇ ਵਿਚਾਰ ਰੱਖਿਆ ਕਿ ਪਾਰਟੀ ਨੂੰ ਆਈ ਟੀ ਸੈੱਲ ਬਣਾਉਣਾ ਚਾਹੀਦਾ ਹੈ। ਨੌਜਵਾਨ ਆਗੂ ਚਰਨਜੀਤ ਛਾਂਗਾ ਰਾਏ ਨੇ ਕਿਹਾ ਕਿ ਪ੍ਰਚਾਰ ਵਿੱਚ ਕੰਟੈਂਟ ਖਿੱਚ ਭਰਪੂਰ ਹੋਣਾ ਚਾਹੀਦਾ ਹੈ। ਪੱਤਰਕਾਰ ਰੈਕਟਰ ਕਥੂਰੀਆ ਨੇ ਨਵਾਂ ਜ਼ਮਾਨਾ ਵੈੱਬ ਟੀ ਵੀ ਦੀ ਪੇਸ਼ਕਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸੁਝਾਅ ਦਿੱਤੇ। ਕਾਰਤਿਕਾ, ਲਵਪ੍ਰੀਤ ਮਾੜੀਮੇਘਾ ਤੇ ਪ੍ਰਲਾਹਦ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੈੱਸ/ਸੋਸ਼ਲ ਮੀਡੀਆ ਸਹਾਇਕ ਕਮੇਟੀ ਦਾ ਗਠਨ ਕੀਤਾ ਗਿਆ। ਸੂਬਾ ਪਾਰਟੀ ਵੱਲੋਂ ਕਮੇਟੀ ਦੇ ਕੁਆਰਡੀਨੇਟਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਗੁਰਨਾਮ ਕੰਵਰ ਨੂੰ ਬਣਾਇਆ ਗਿਆ। ਅੰਤ ਵਿੱਚ ਡਾ. ਸਵਰਾਜਬੀਰ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਤੋਂ ਗੰੁਮਰਾਹ ਨਾ ਹੋਣ ਦਾ ਸੁਝਾਅ ਦਿੰਦਿਆਂ ਸਭ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਕਾਮਰੇਡ ਕੁਲਦੀਪ ਸਿੰਘ ਭੋਲਾ, ਮਹਿੰਦਰ ਸਿੰਘ ਮੋਹਾਲੀ, ਗਜ਼ਲਗੋ ਸੁਰਜੀਤ ਜੱਜ ਡਾਕਟਰ ਬਲਕਾਰ ਸਿੰਘ ਰਾਹੁਲ ਪਟਿਆਲਾ, ਪਾਲ (ਪੰਜਾਬ ਬੁਕ ਸੈਂਟਰ) ਵੀ ਹਾਜ਼ਰ ਸਨ।