ਅਡਾਨੀ ਖਿਲਾਫ ਅਮਰੀਕਾ ’ਚ ਇੱਕ ਹੋਰ ਜਾਂਚ ਖੁੱਲ੍ਹੀ

0
112

ਵਾਸ਼ਿੰਗਟਨ : ਭਾਰਤੀ ਖਰਬਪਤੀ ਬਿਜ਼ਨਸਮੈਨ ਗੌਤਮ ਅਡਾਨੀ ਵੱਲੋਂ ਈਰਾਨ ਵਿਰੁੱਧ ਅਮਰੀਕੀ ਪਾਬੰਦੀਆਂ ਦੀ ਸੰਭਾਵਤ ਉਲੰਘਣਾ ਦੀ ਅਮਰੀਕੀ ਨਿਆਂ ਵਿਭਾਗ (ਡਿਪਾਰਟਮੈਂਟ ਆਫ ਜਸਟਿਸਡੀ ਓ ਜੇ) ਜਾਂਚ ਕਰ ਰਿਹਾ ਹੈ। ‘ਵਾਲ ਸਟਰੀਟ’ ਜਰਨਲ ਦੀ ਰਿਪੋਰਟ ਮੁਤਾਬਕ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਪਾਬੰਦੀਆਂ ਦੇ ਕਾਨੂੰਨ ਦੀ ਉਲੰਘਣਾ ਕਰਕੇ ਈਰਾਨ ਨਾਲ ਐੱਲ ਪੀ ਜੀ ਦਾ ਬਿਜ਼ਨਸ ਕੀਤਾ। ਜਾਂਚ ਵਿੱਚ ਪਤਾ ਲੱਗਾ ਹੈ ਕਿ ਫਾਰਸ ਦੀ ਖਾੜੀ ਤੇ ਗੁਜਰਾਤ ਦੀ ਮੁੰਦਰਾ ਬੰਦਰਗਾਹ, ਜਿਸ ਦਾ ਕੰਟਰੋਲ ਅਡਾਨੀ ਕੋਲ ਹੈ, ਵਿਚਾਲੇ ਤੇਲ ਦੇ ਟੈਂਕਰ ਚਲਦੇ ਦੇਖੇ ਗਏ। ਮਾਹਰਾਂ ਮੁਤਾਬਕ ਪਾਬੰਦੀਆਂ ਤੋਂ ਬਚਣ ਲਈ ਇਸ ਰਾਹ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਅਡਾਨੀ ਸਮੂਹ ਦੇ ਤਰਜਮਾਨ ਨੇ ਅਖਬਾਰ ਨੂੰ ਦੱਸਿਆ ਕਿ ਉਨ੍ਹਾਂ ਪਾਬੰਦੀਆਂ ਦੀ ਕੋਈ ਉਲੰਘਣਾ ਨਹੀਂ ਕੀਤੀ ਤੇ ਨਾ ਹੀ ਉਹ ਈਰਾਨ ਨਾਲ ਮਿਲ ਕੇ ਐੱਲ ਪੀ ਜੀ ਦਾ ਵਪਾਰ ਕਰਦੇ ਹਨ। ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਅਮਰੀਕੀ ਅਧਿਕਾਰੀ ਅਜਿਹੀ ਕੋਈ ਜਾਂਚ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ ਵਿੱਚ ਕਿਹਾ ਸੀ ਕਿ ਈਰਾਨ ਤੋਂ ਤੇਲ ਜਾਂ ਪੈਟਰੋਲੀਅਮ ਪਦਾਰਥਾਂ ਦੀ ਹਰ ਤਰ੍ਹਾਂ ਦੀ ਖਰੀਦ ਰੋਕੀ ਜਾਣੀ ਚਾਹੀਦੀ ਹੈ ਤੇ ਜੇ ਕੋਈ ਦੇਸ਼ ਜਾਂ ਵਿਅਕਤੀ ਈਰਾਨ ਤੋਂ ਕਿਸੇ ਤਰ੍ਹਾਂ ਖਰੀਦ ਕਰਦਾ ਹੈ ਤਾਂ ਉਸ ’ਤੇ ਤੁਰੰਤ ਪਾਬੰਦੀਆਂ ਲੱਗਣਗੀਆਂ।
ਇਸ ਤੋਂ ਪਹਿਲਾਂ ਅਮਰੀਕਾ ’ਚ ਅਡਾਨੀ ਤੇ ਉਸ ਦੇ ਭਤੀਜੇ ਸਾਗਰ ਅਡਾਨੀ ’ਤੇ ਅਦਾਲਤ ’ਚ ਕੇਸ ਕੀਤਾ ਗਿਆ ਸੀ ਕਿ ਉਨ੍ਹਾਂ ਬਿਜਲੀ ਸਪਲਾਈ ਠੇਕਿਆਂ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਅਮਰੀਕੀ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ। ਅਮਰੀਕੀ ਕਾਨੂੰਨ ਕਹਿੰਦਾ ਹੈ ਕਿ ਜੇ ਕੋਈ ਅਮਰੀਕਾ ਵਿੱਚੋਂ ਫੰਡ ਇਕੱਠੇ ਕਰਦਾ ਹੈ ਤਾਂ ਉਹ ਰਿਸ਼ਵਤ ਨਹੀਂ ਦੇ ਸਕਦਾ। ਅਡਾਨੀ ਗਰੁੱਪ ਨੇ ਇਸ ਦਾ ਖੰਡਨ ਕੀਤਾ ਸੀ।