ਮਾਨਸਾ (ਆਤਮਾ ਸਿੰਘ ਪਮਾਰ)
ਦੇਸ਼ ਦੀ ਰਾਜਸੱਤਾ ’ਤੇ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਆਰ ਐੱਸ ਐੱਸ ਦੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਜਾਤੀ ਅਧਾਰਤ ਫੁੱਟ ਤੇ ਧਾਰਮਕ, ਸਮਾਜਿਕ ਜ਼ਹਿਰ ਨੂੰ ਵੱਡੇ ਪੱਧਰ ’ਤੇ ਫੈਲਾ ਕੇ ਭਾਈਚਾਰਕ ਸਾਂਝ ਨੂੰ ਤੇਜ਼ੀ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ।ਦੇਸ਼ ਅੰਦਰਲੀਆਂ ਸੰਵਿਧਾਨਕ ਸੰਸਥਾਵਾਂ ਨੂੰ ਗੈਰ-ਸਿਧਾਂਤਕ ਤੌਰ ’ਤੇ ਵਰਤ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਖੋਰਾ ਲਗਾਇਆ ਜਾ ਰਿਹਾ ਹੈ। ਇਸ ਲਈ ਸੰਵਿਧਾਨ ਨੂੰ ਜ਼ਮੀਨੀ ਪੱਧਰ ਅਤੇ ਅਮਲੀ ਰੂਪ ਵਿਚ ਲਾਗੂ ਕਰਨ ਲਈ ਧਰਮ ਨਿਰਪੱਖਤਾ ਅਤੇ ਭਾਈਚਾਰਕ ਸਾਂਝ ਦਾ ਹੋਣਾ ਅਤਿ ਜ਼ਰੂਰੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਦੇ 25 ਵੇਂ ਮਹਾਂ-ਸੰਮੇਲਨ ਚੰਡੀਗੜ੍ਹ ਦੇ ਪ੍ਰਬੰਧਾਂ ਤੇ ਤਿਆਰੀ ਸੰਬੰਧੀ ਚੋਣਵੇਂ ਆਗੂਆਂ ਨੂੰ ਸੰਬੋਧਨ ਕਰਦਿਆਂ ਕੀਤਾ। ਅਰਸ਼ੀ ਨੇ ਕਿਹਾ ਕਿ ਸੀ ਪੀ ਆਈ ਦੇ ਮਹਾਂ-ਸੰਮੇਲਨ ਮੌਕੇ ਦੇਸ਼-ਵਿਦੇਸ਼ ਵਿੱਚੋਂ ਪੁੱਜੇ ਆਗੂਆਂ ਵੱਲੋਂ ਰਾਜਨੀਤਕ, ਆਰਥਿਕ ਤੇ ਸਮਾਜਕ ਪੱਖਾਂ ’ਤੇ ਵਿਸਥਾਰਿਤ ਚਰਚਾ ਹੋਵੇਗੀ। ਉਹਨਾ ਇਸ ਮੌਕੇ ਆਗੂਆਂ ਨੂੰ ਅਪੀਲ ਕੀਤੀ ਕਿ ਪ੍ਰੋਗਰਾਮ ਦੀ ਸਫਲਤਾ ਲਈ ਹਰ ਪੱਖੋਂ ਸਹਿਯੋਗ ਕੀਤਾ ਜਾਵੇ।ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਨੇ ਪਾਰਟੀ ਕਾਂਗਰਸ ਚੰਡੀਗੜ੍ਹ ਦੀ ਸਫਲਤਾ ਤੇ 21 ਸਤੰਬਰ ਦੀ ਚੰਡੀਗੜ੍ਹ ਰੈਲੀ ਵਿੱਚ ਮਾਨਸਾ ਜ਼ਿਲ੍ਹੇ ਵਿੱਚੋਂ ਫੰਡ ਦਾ ਕੋਟਾ ਤੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਦਾ ਆਪਣੇ ਸੀਨੀਅਰ ਆਗੂ ਸਾਥੀ ਅਰਸ਼ੀ ਨੂੰ ਭਰੋਸਾ ਦਿਵਾਇਆ। ਇਸ ਮੌਕੇ ਸਬ-ਡਵੀਜ਼ਨ ਮਾਨਸਾ ਦੇ ਸਕੱਤਰ ਰੂਪ ਸਿੰਘ ਢਿੱਲੋਂ, ਸ਼ਹਿਰੀ ਸਕੱਤਰ ਰਤਨ ਭੋਲਾ ਦੀ ਅਗਵਾਈ ’ਚ ਪੰਜਾਹ ਹਜ਼ਾਰ ਰੁਪਏ ਦੀ ਥੈਲੀ ਸਾਥੀ ਅਰਸ਼ੀ ਨੂੰ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਬੁਰਜ ਹਰੀ ਤੇ ਮੰਗਤ ਰਾਏ ਭੀਖੀ ਆਦਿ ਆਗੂ ਮੌਜੂਦ ਸਨ।





