ਆਸਟ੍ਰੇਲੀਆ ’ਚ ਪੁਲਸ ਨੇ ਪਤਨੀ ਅੱਗੇ ਪਤੀ ਦਾ ਸਿਰ ਕਾਰ ’ਚ ਮਾਰਿਆ

0
110

ਐਡੀਲੇਡ : ਪੁਲਸ ਨਾਲ ਹੋਈ ਝੜਪ ਤੋਂ ਬਾਅਦ 42 ਸਾਲਾ ਗੌਰਵ ਕੁੰਡੀ ਆਸਟਰੇਲੀਆ ਦੇ ਐਡੀਲੇਡ ਦੇ ਹਸਪਤਾਲ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਦੋ ਬੱਚਿਆਂ ਦੇ ਪਿਤਾ ਕੁੰਡੀ ਦੇ ਦਿਮਾਗ ਅਤੇ ਗਰਦਨ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਜਾਨ-ਬਚਾਊ ਸਹਾਇਤਾ ਪ੍ਰਬੰਧ ’ਤੇ ਹੈ। ਕੁੰਡੀ ਅਤੇ ਉਸ ਦੀ ਸਾਥਣ ਅੰਮਿ੍ਰਤਪਾਲ ਕੌਰ ਵੀਰਵਾਰ ਤੜਕੇ ਐਡੀਲੇਡ ਦੇ ਪੂਰਬੀ ਉਪਨਗਰ ਵਿੱਚ ਜ਼ੋਰਦਾਰ ਬਹਿਸ ਕਰ ਰਹੇ ਸਨ। ਅੰਮਿ੍ਰਤਪਾਲ ਕੌਰ ਦਾ ਦਾਅਵਾ ਹੈ ਕਿ ਕੁੰਡੀ ਸ਼ਰਾਬੀ ਸੀ, ਪਰ ਹਿੰਸਕ ਨਹੀਂ ਸੀ। ਹਾਲਾਂਕਿ, ਉੱਥੋਂ ਲੰਘ ਰਹੀ ਪੁਲਸ ਨੂੰ ਇਹ ਘਰੇਲੂ ਹਿੰਸਾ ਦਾ ਮਾਮਲਾ ਜਾਪਿਆ ਤੇ ਉਨ੍ਹਾਂ ਦੋਹਾਂ ਦੇ ਮਾਮਲੇ ਵਿੱਚ ਦਖਲ ਦਿੱਤਾ। ਜਦੋਂ ਪੁਲਸ ਨੇ ਕੁੰਡੀ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਅੰਮਿ੍ਰਤਪਾਲ ਨੇ ਘਟਨਾ ਦੀ ਆਪਣੇ ਫੋਨ ਵਿੱਚ ਵੀਡੀਓ ਵੀ ਬਣਾਈ ਹੈ।
ਵੀਡੀਓ ਵਿੱਚ ਕੁੰਡੀ ਨੂੰ ਉੱਚੀ-ਉੱਚੀ ਚੀਕਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਮੈਂ ਕੁਝ ਗਲਤ ਨਹੀਂ ਕੀਤਾ।’ ਇਸ ਮੌਕੇ ਨਾਲ ਹੀ ਅੰਮਿ੍ਰਤਪਾਲ ਕੌਰ ਵੀ ਪੁਲਸ ਅਧਿਕਾਰੀਆਂ ਨੂੰ ਰੁਕਣ ਲਈ ਬੇਨਤੀ ਕਰਦੀ ਅਤੇ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਉਹ (ਪੁਲਸ ਮੁਲਾਜ਼ਮ) ਬੇਇਨਸਾਫੀ ਕਰ ਰਹੇ ਹਨ। ਗਿ੍ਰਫਤਾਰੀ ਦੌਰਾਨ ਪੁਲਸ ਮੁਲਾਜ਼ਮਾਂ ਨੇ ਕੁੰਡੀ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਅੰਮਿ੍ਰਤਪਾਲ ਦਾ ਕਹਿਣਾ ਹੈ ਕਿ ਇੱਕ ਪੁਲਸ ਅਧਿਕਾਰੀ ਨੇ ਕੁੰਡੀ ਦਾ ਸਿਰ ਪੁਲਸ ਕਾਰ ਅਤੇ ਜ਼ਮੀਨ ਵਿੱਚ ਮਾਰਿਆ ਅਤੇ ਫਿਰ ਉਸ ਦੀ ਗਰਦਨ ਵਿੱਚ ਆਪਣਾ ਗੋਡਾ ਦਬਾ ਦਿੱਤਾ। ਉਸ ਨੇ ਕਿਹਾ ਕਿ ਉਹ ਇਸ ਦੌਰਾਨ ਕਾਫੀ ਘਬਰਾ ਗਈ ਸੀ ਤੇ ਇਸ ਘਬਰਾਹਟ ਵਿੱਚ ਉਸ ਨੇ ਰਿਕਾਰਡਿੰਗ ਬੰਦ ਕਰ ਦਿੱਤੀ। ਉਸ ਪਿੱਛੋਂ ਕੁਝ ਪਲਾਂ ਬਾਅਦ ਕੁੰਡੀ ਬੇਹੋਸ਼ ਹੋ ਗਿਆ। ਰਾਇਲ ਐਡੀਲੇਡ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੁੰਡੀ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਇਆ ਹੈ ਅਤੇ ਉਸ ਦੀ ਗਰਦਨ ਦੀਆਂ ਨਸਾਂ ਨੂੰ ਸੱਟਾਂ ਲੱਗੀਆਂ ਹਨ। ਦੱਖਣੀ ਆਸਟਰੇਲੀਆ ਸੂਬੇ ਦੀ ਪੁਲਸ ਹੁਣ ਮਾਮਲੇ ਜਾਂਚ ਕਰ ਰਹੀ ਹੈ। ਉਹ ਪੁਲਸ ਬਾਡੀ ਕੈਮਰਿਆਂ ਦੀ ਵੀਡੀਓ ਦੀ ਪੜਤਾਲ ਕਰ ਕੇ ਘਟਨਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।