ਵਨ ਨੇਸ਼ਨ-ਵਨ ਹਸਬੈਂਡ

0
170

ਚੰਡੀਗੜ੍ਹ : ਭਾਜਪਾ ਵੱਲੋਂ ‘ਅਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਸਿੰਧੂਰ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਨੇ ਸਿੰਧੂਰ ਦਾ ਮਜ਼ਾਕ ਉਡਾਇਆ ਹੈ। ਇਹ ਕੋਈ ‘ਵਨ ਨੇਸ਼ਨ, ਵਨ ਹਸਬੈਂਡ’ ਸਕੀਮ ਨਹੀਂ, ਜੋ ਘਰ-ਘਰ ਪਹੁੰਚਾਈ ਜਾਵੇ। ਮਾਨ ਨੇ ਸਵਾਲ ਕੀਤਾ, ‘ਜੇ ਕਿਸੇ ਦੇ ਘਰ ਕੋਈ ਸਿੰਧੂਰ ਲਿਆਉਂਦਾ ਹੈ ਤਾਂ ਕੀ ਕਹੋਗੇ, ਇਹ ਮੋਦੀ ਦੇ ਨਾਂਅ ਦਾ ਸਿੰਧੂਰ ਹੈ ਜਾਂ ਕੀ ਲੋਕ ਇਸ ਨੂੰ ਲਗਾਉਣਗੇ।’ ਉਨ੍ਹਾ ਕਿਹਾ ਕਿ ਭਾਜਪਾ ਸਿੰਧੂਰ ਦੇ ਨਾਂਅ ਉੱਤੇ ਵੋਟਾਂ ਮੰਗ ਰਹੀ ਹੈ, ਇਹ ਸਿੰਧੂਰ ਦਾ ਵੱਡਾ ਮਜ਼ਾਕ ਹੈ। ਜ਼ਿਕਰਯੋਗ ਹੈ ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ਦੌਰਾਨ ‘ਅਪ੍ਰੇਸ਼ਨ ਸਿੰਧੂਰ’ ਨੂੰ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਬੁਲਾਰੇ ਪਿ੍ਰਤਪਾਲ ਸਿੰਘ ਬਲੀਆਵਾਲ ਨੇ ਕਿਹਾ ਹੈ ਕਿ ਭਗਵੰਤ ਮਾਨ ਸਾਰੀਆਂ ਹੱਦਾਂ ਟੱਪ ਗਏ ਹਨ। ‘ਅਪ੍ਰੇਸ਼ਨ ਸਿੰਧੂਰ’ ਦੀ ਖਿੱਲੀ ਉਡਾਉਣਾ ਸ਼ਰਮਨਾਕ ਹੈ।
ਉਨ੍ਹਾ ਕਿਹਾ ਕਿ ਅਪ੍ਰੇਸ਼ਨ ਸਿੰਧੂਰ ਦਹਿਸ਼ਤਗਰਦਾਂ ਵੱਲੋਂ ਧਰਮ ਪੁੱਛ ਕੇ ਹਿੰਦੂਆਂ ਨੂੰ ਮਾਰਨ ਦੇ ਜਵਾਬ ਵਿੱਚ ਕੀਤਾ ਗਿਆ ਸੀ। ਸਿੰਧੂਰ ਮਹਿਲਾਵਾਂ ਦੀ ਨਿਸ਼ਾਨੀ ਹੈ। ਮਾਨ ਨੇ ਭਾਰਤੀ ਫੌਜ ਅਤੇ ਵੀਰ ਨਾਰੀਆਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾ ਕਿਹਾ ਕਿ ਮਾਨ ਤੁਰੰਤ ਅਸਤੀਫਾ ਦੇਣ। ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਮਾਨ ਦੀ ਟਿੱਪਣੀ ਨੂੰ ਭਾਰਤ ਵਿਰੋਧੀ ਭਾਵਨਾ ਕਰਾਰ ਦਿੱਤਾ ਹੈ।