ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੇ ਬਿਆਨ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਉਨ੍ਹਾ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੀ ਸਿਰਦਰਦੀ ਵਧਾਉਦੇ ਜਾ ਰਹੇ ਹਨ। ਜਿਉ-ਜਿਉ ਬਿਹਾਰ ਅਸੈਂਬਲੀ ਚੋਣਾਂ ਨੇੜੇ ਆ ਰਹੀਆਂ ਹਨ, ਚਿਰਾਗ ਪਾਸਵਾਨ ਬਿਆਨਾਂ ਦੀ ਡੋਜ਼ ਵਧਾਉਦੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾ ਕਿਹਾ ਸੀ ਕਿ ਉਨ੍ਹਾ ਦਾ ਦਿਲ ਦਿੱਲੀ ’ਚ ਨਹੀਂ ਲੱਗਦਾ ਤੇ ਬਿਹਾਰ ਉਨ੍ਹਾ ਨੂੰ ਸੱਦ ਰਿਹਾ ਹੈ। ਹੁਣ ਉਨ੍ਹਾ ਦੀ ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਚਿਰਾਗ ਨਾ ਸਿਰਫ ਅਸੈਂਬਲੀ ਚੋਣ ਲੜਨਗੇ, ਸਗੋਂ ਜਨਰਲ ਸੀਟ ਤੋਂ ਲੜਨਗੇ। ਹਾਜੀਪੁਰ ਰਿਜ਼ਰਵ ਸੀਟ ਤੋਂ ਲੋਕ ਸਭਾ ਮੈਂਬਰ ਬਣੇ ਚਿਰਾਗ ਦੀ ਪਾਰਟੀ ਚੋਣਾਂ ਤੋਂ ਪਹਿਲਾਂ ਵਧੇਰੇ ਸੀਟਾਂ ਹਾਸਲ ਕਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ।
ਚਿਰਾਗ ਤੇ ਉਸ ਦੀ ਪਾਰਟੀ ਦੇ ਬਿਆਨਾਂ ਤੋਂ 2020 ਦੀਆਂ ਅਸੈਂਬਲੀ ਚੋਣਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਦ ਐੱਨ ਡੀ ਏ ਵਿੱਚ ਰਹਿੰਦਿਆਂ ਉਨ੍ਹਾ ਹਰ ਉਸ ਸੀਟ ’ਤੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਸੀ, ਜਿੱਥੋਂ ਜਨਤਾ ਦਲ (ਯੂਨਾਈਟਿਡ) ਦਾ ਉਮੀਦਵਾਰ ਚੋਣ ਲੜ ਰਿਹਾ ਸੀ। ਇਸ ਦੇ ਨਤੀਜੇ ਵਜੋਂ ਨਿਤਿਸ਼ ਦੀ ਪਾਰਟੀ 43 ਸੀਟਾਂ ’ਤੇ ਸਿਮਟ ਗਈ ਸੀ। ਲਗਭਗ ਤਿੰਨ ਦਰਜਨ ਸੀਟਾਂ ਉਸ ਨੂੰ ਚਿਰਾਗ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਕਰਕੇ ਹਾਰਨੀਆਂ ਪਈਆਂ ਸਨ। ਉਦੋਂ ਚਿਰਾਗ ਖੁਦ ਨੂੰ ਮੋਦੀ ਦਾ ਹਨੂੰਮਾਨ ਦੱਸਦੇ ਸਨ ਅਤੇ ਇਹ ਆਮ ਸਮਝ ਸੀ ਕਿ ਭਾਜਪਾ ਦੇ ਇਸ਼ਾਰੇ ’ਤੇ ਹੀ ਚਿਰਾਗ ਨੇ ਉਮੀਦਵਾਰ ਖੜ੍ਹੇ ਕੀਤੇ ਸਨ, ਤਾਂ ਜੋ ਨਿਤਿਸ਼ ਦੀ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਸਕੇ। ਖਰਾਬ ਪ੍ਰਦਰਸ਼ਨ ਦੇ ਬਾਅਦ ਨਿਤਿਸ਼ ਦੀ ਹਾਲਤ ਏਨੀ ਕਮਜ਼ੋਰ ਹੋ ਗਈ ਕਿ ਉਨ੍ਹਾ ਨੂੰ ਮਜਬੂਰੀ ਵਿੱਚ ਕਹਿਣਾ ਪਿਆ ਕਿ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ। ਇਹ ਵੱਖਰੀ ਗੱਲ ਹੈ ਕਿ ਇਸ ਦੇ ਬਾਵਜੂਦ ਮੁੱਖ ਮੰਤਰੀ ਬਣ ਗਏ। 2024 ਦੀਆਂ ਲੋਕ ਸਭਾ ਚੋਣਾਂ ਤੱਕ ਭਾਜਪਾ ਨੇ ਚਿਰਾਗ ਪਾਸਵਾਨ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਕਰ ਲਿਆ ਤੇ ਉਸ ਦੇ ਚਾਚੇ ਪਸ਼ੂਪਤੀ ਕੁਮਾਰ ਪਾਰਸ ਨੂੰ ਲਾਂਭੇ ਕਰ ਦਿੱਤਾ। ਭਾਜਪਾ ਨੇ ਚਿਰਾਗ ਦੀ ਪਾਰਟੀ ਲਈ ਲੋਕ ਸਭਾ ਦੀਆਂ ਪੰਜ ਸੀਟਾਂ ਛੱਡੀਆਂ ਤੇ ਉਸ ਨੇ ਸਾਰੀਆਂ ਜਿੱਤ ਲਈਆਂ। ਨਿਤਿਸ਼ ਕੁਮਾਰ ਨੇ ਜਦ ਅਗਸਤ 2022 ਵਿੱਚ ਇੱਕ ਵਾਰ ਫਿਰ ਭਾਜਪਾ ਤੋਂ ਅੱਡ ਹੋ ਕੇ ਮਹਾਂਗਠਬੰਧਨ ਦੀ ਸਰਕਾਰ ਬਣਾਈ ਤਾਂ ਚਿਰਾਗ ਦਾ ਕੱਦ ਐੱਨ ਡੀ ਏ ਵਿੱਚ ਹੋਰ ਵਧ ਗਿਆ, ਪਰ ਨਿਤਿਸ਼ ਇੱਕ ਵਾਰ ਫਿਰ ਪਲਟੀ ਮਾਰ ਕੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਮੁੜ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਵਿੱਚ ਆ ਗਏ। ਅਸੈਂਬਲੀ ਚੋਣਾਂ ਵਿੱਚ ਜਨਤਾ ਦਲ (ਯੂਨਾਈਟਿਡ) ਆਪਣੀ ਸਥਿਤੀ ਸੁਧਾਰਨ ਲਈ ਭਾਜਪਾ ਦੇ ਬਰਾਬਰ ਸੀਟਾਂ ਚਾਹੁੰਦਾ ਹੈ, ਜਦਕਿ ਭਾਜਪਾ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਤੇ ਉਪੇਂਦਰ ਖੁਸ਼ਵਾਹਾ ਵੱਲੋਂ ਮੰਗੀਆਂ ਜਾ ਰਹੀਆਂ ਵੱਧ ਸੀਟਾਂ ਦਾ ਹਵਾਲਾ ਦੇ ਕੇ ਨਿਤਿਸ਼ ਕੁਮਾਰ ਨੂੰ ਮਨਾ ਰਹੀ ਹੈ ਕਿ ਉਹ ਦਾਅਵਾ ਜ਼ਰਾ ਘਟਾਵੇ। ਸਿਆਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਭਾਜਪਾ ਚਿਰਾਗ ਨੂੰ ਨਿਤਿਸ਼ ਦੇ ਖਿਲਾਫ ਇਕ ਮੁਤਵਾਜ਼ੀ ਚਿਹਰੇ ਵਜੋਂ ਖੜ੍ਹਾ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਪਿੱਛੇ ਇਹ ਰਣਨੀਤੀ ਹੈ ਕਿ ਚਿਰਾਗ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਜੇ ਪਾਸਵਾਨ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਪਾਸਵਾਨ ਬਰਾਦਰੀ ਚਿਰਾਗ ਦੇ ਹੱਕ ਵਿੱਚ ਨਿਭੇ। ਕਹਿਣ ਨੂੰ ਤਾਂ ਨਿਤਿਸ਼ ਕੁਮਾਰ ਬਹੁਤ ਹੀ ਘਾਗ ਆਗੂ ਮੰਨੇ ਜਾਂਦੇ ਹਨ, ਪਰ ਇਸ ਸਮੇਂ ਉਹ ਭਾਜਪਾ ਤੇ ਚਿਰਾਗ ਪਾਸਵਾਨ ਦੀ ਦੂਹਰੀ ਚੁਣੌਤੀ ਨਾਲ ਅਜਿਹੀ ਪ੍ਰੇਸ਼ਾਨੀ ਵਿੱਚ ਪੈ ਸਕਦੇ ਹਨ, ਜਿਹੜੀ ਉਨ੍ਹਾ ਦੇ ਸਿਆਸੀ ਕੈਰੀਅਰ ਲਈ ਫੈਸਲਾਕੁੰਨ ਹੋ ਸਕਦੀ ਹੈ।



