ਬਣਾਈ ‘ਮੁਕੱਦਰ ਕਾ ਸਿਕੰਦਰ’ ਪਰ ਨਿਕਲੀ ‘ਮੋਦੀ ਕਾ ਸਰੰਡਰ’ : ਕਾਂਗਰਸ

0
176

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ਇਹ ਸੋਚਣਾ ਗਲਤ ਹੈ ਕਿ ਨਰਿੰਦਰ ਮੋਦੀ ਭਾਰਤ ਹੈ ਤੇ ਭਾਰਤ ਨਰਿੰਦਰ ਮੋਦੀ ਹੈ। ਉਸ ਨੇ ਇਹ ਬਿਆਨ ਰਾਹੁਲ ਵੱਲੋਂ ਮੋਦੀ ’ਤੇ ਟਰੰਪ ਅੱਗੇ ਆਤਮਸਮਪਰਣ ਕਰਕੇ ਲੜਾਈਬੰਦੀ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਭਾਜਪਾ ਵੱਲੋਂ ਰਾਹੁਲ ਦੀ ਕੀਤੀ ਜਾ ਰਹੀ ਨਿੰਦਾ ਦੇ ਸੰਦਰਭ ਵਿੱਚ ਦਿੱਤਾ ਹੈ। ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਡਿਪਾਰਟਮੈਂਟ ਦੇ ਮੁਖੀ ਪਵਨ ਖੇੜਾ ਨੇ ਦਾਅਵਾ ਕੀਤਾ ਕਿ ਰਾਹੁਲ ਨੇ ਇਹ ਗੱਲ ਉਜਾਗਰ ਕੀਤੀ ਸੀ ਕਿ ਮੋਦੀ ਨੇ ਕਿਵੇਂ ਗੋਡੇ ਟੇਕੇ, ਜਦਕਿ ਲੋੜ ‘ਵਿਸ਼ਵ ਗੁਰੂ’ ਨੂੰ ਡਟਣ ਦੀ ਸੀ।
ਖੇੜਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਭਾਜਪਾ ਵਾਲੇ ਆਪਣੇ ਹੀਰੋ ਲਈ ਪਿਛਲੇ 11 ਸਾਲਾਂ ਤੋਂ ‘ਮੁਕੱਦਰ ਕਾ ਸਿਕੰਦਰ’ ਫਿਲਮ ਬਣਾ ਰਹੇ ਸਨ, ਪਰ ਜਦੋਂ ਫਿਲਮ ਤਿਆਰ ਹੋਈ ਤਾਂ ਇਹ ‘ਨਰਿੰਦਰ ਕਾ ਸਰੰਡਰ’ ਨਿਕਲੀ। ਦਰਅਸਲ ਬਹਾਦਰੀ ਦਾ ਕੋਈ ਇੰਜੈਕਸ਼ਨ ਨਹੀਂ ਹੁੰਦਾ, ਇਹ ਵਿਅਕਤੀ ਦੇ ਕਿਰਦਾਰ ਨਾਲ ਪੈਦਾ ਹੁੰਦੀ ਹੈ। ਭਾਜਪਾ ਤੇ ਆਰ ਐੱਸ ਐੱਸ ਦਾ ਇਤਿਹਾਸ ਬੁਜ਼ਦਿਲਾਂ ਵਾਲਾ ਰਿਹਾ ਹੈ। ਉਨ੍ਹਾ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਤੋਂ ਨੇਪਾਲ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਰਹੀਆਂ ਹਨ, ਜਿਸ ਦਾ ਨਤੀਜਾ ਉਸ ਦੇ ਚੀਨ ਦੇ ਕਰੀਬ ਹੋਣ ਵਿੱਚ ਨਿਕਲਿਆ ਹੈ, ਜਦਕਿ 10 ਸਾਲ ਪਹਿਲਾਂ ਅਜਿਹਾ ਨਹੀਂ ਸੀ। ਜੇ ਇਹ ਸਰੰਡਰ ਪਾਲਿਸੀ (ਗੋਡੇ ਟੇਕੂ ਨੀਤੀ) ਨਹੀਂ ਤਾਂ ਕੀ ਹੈ? ਨਰਿੰਦਰ ਮੋਦੀ ਕੌਮਾਂਤਰੀ ਮਾਲੀ ਫੰਡ (ਆਈ ਐੱਮ ਐੱਫ) ਨੂੰ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਨਹੀਂ ਰੋਕ ਸਕੇ। ਇਸੇ ਤਰ੍ਹਾਂ ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ ਡੀ ਬੀ) ਦੇ ਚੀਫ, ਜਿਹੜੇ ਇੱਕ ਜੂਨ ਨੂੰ ਨਰਿੰਦਰ ਮੋਦੀ ਨੂੰ ਮਿਲੇ, ਨੇ ਤਿੰਨ ਜੂਨ ਨੂੰ ਪਾਕਿਸਤਾਨ ਨੂੰ 80 ਕਰੋੜ ਡਾਲਰ ਦੇ ਦਿੱਤੇ। ਉਨ੍ਹਾ ਕਿਹਾ ਕਿ ਸਥਿਤੀ ਅਜਿਹੀ ਬਣ ਗਈ ਹੈ ਕਿ ਜਦ ਉਹ (ਸਰਕਾਰ) ਚੀਨ ਬਾਰੇ ਗੱਲ ਕਰਦੇ ਹਨ ਤਾਂ ਉਸ ਨੂੰ ਕਲੀਨ ਚਿੱਟ ਦੇ ਦਿੰਦੇ ਹਨ। ਉਹ ਚੀਨ ਦਾ ਨਾਂਅ ਨਹੀ ਲੈਂਦੇ ਅਤੇ ਉੱਤਰ-ਪੂਰਬੀ ਭਾਰਤ ਦੇ ਲੋਕਾਂ ਦੀ ਦਿੱਖ ਦਾ ਮਖੌਲ ਉਡਾਉਦੇ ਹਨ ਤੇ ਭਗਵਾਨ ਗਣੇਸ਼ ਦਾ ਅਪਮਾਨ ਕਰਦੇ ਹਨ। ਕਹਿੰਦੇ ਹਨ ਕਿ ਗਣੇਸ਼ ਜੀ ਦੀਆਂ ਅੱਖਾਂ ਛੋਟੀਆਂ ਹਨ ਤੇ ਖੁੱਲ੍ਹਦੀਆਂ ਨਹੀਂ। ਨਰਿੰਦਰ ਮੋਦੀ ਇਹ ਨੀਤੀ ਕਿਉ ਨਹੀਂ ਬਣਾਉਦੇ ਕਿ ਚੀਨ ਤੋਂ ਮਾਲ ਨਹੀਂ ਖਰੀਦਿਆ ਜਾਵੇਗਾ?
ਰਾਹੁਲ ਨੇ ਮੰਗਲਵਾਰ ਭੋਪਾਲ ਵਿੱਚ ਕਿਹਾ ਸੀ ਕਿ ਜਦੋਂ ਟਰੰਪ ਨੇ ਫੋਨ ਕਰਕੇ ਕਿਹਾ, ‘ਮੋਦੀ ਜੀ ਤੁਸੀਂ ਕੀ ਕਰ ਰਹੇ ਹੋ? ਨਰਿੰਦਰ, ਸਰੰਡਰ।’ ਮੋਦੀ ਜੀ ਨੇ ਜੀ ਹਜ਼ੂਰ ਕਹਿ ਕੇ ਟਰੰਪ ਦਾ ਹੁਕਮ ਮੰਨ ਲਿਆ। ਰਾਹੁਲ ਨੇ ਲੋਕਾਂ ਨੂੰ 1971 ਚੇਤੇ ਕਰਾਉਦਿਆਂ ਕਿਹਾ ਕਿ ਉਦੋਂ ਫੋਨ ਨਹੀਂ ਆਇਆ ਸੀ, ਅਮਰੀਕਾ ਨੇ ਸੱਤਵਾਂ ਜੰਗੀ ਬੇੜਾ, ਹਥਿਆਰ ਤੇ ਏਅਰਕਰਾਫਟ ਕੈਰੀਅਰ ਘੱਲਿਆ ਸੀ, ਪਰ ਇੰਦਰਾ ਗਾਂਧੀ ਨੇ ਸਰੰਡਰ ਨਹੀਂ ਕੀਤਾ ਅਤੇ ਕਿਹਾ ਕਿ ਉਹ ਕੌਮੀ ਹਿੱਤ ਦੇ ਹਿਸਾਬ ਨਾਲ ਚੱਲੇਗੀ। ਉਦੋਂ ਵੇਲੇ ਦੇ ਕਾਂਗਰਸ ਪ੍ਰਧਾਨ ਡੀ ਕੇ ਬਰੂਆ ਨੇ 1974 ਵਿੱਚ ਕਿਹਾ ਸੀ ਕਿ ਇੰਡੀਆ ਇੰਦਰਾ ਹੈ ਤੇ ਇੰਦਰਾ ਇੰਡੀਆ ਹੈ। ਬਰੂਆ ਨੇ ਪ੍ਰਧਾਨ ਮੰਤਰੀ ਪ੍ਰਤੀ ਵਫਾਦਾਰੀ ਦਿਖਾਈ ਸੀ, ਪਰ ਆਪੋਜ਼ੀਸ਼ਨ ਨੇ ਇਸ ਨੂੰ ਚਮਚਾਗਿਰੀ ਦੱਸਿਆ ਸੀ। ਭਾਜਪਾ ਨੇ ਮੋਦੀ ਦੇ ਸਰੰਡਰ ਕਰਨ ਦੀ ਗੱਲ ’ਤੇ ਰਾਹੁਲ ’ਤੇ ‘ਅਪ੍ਰੇਸ਼ਨ ਸਿੰਧੂਰ’ ਨੂੰ ਛੁਟਿਆਉਣ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰਾਹੁਲ ‘ਗਲੋਬਲ ਬਲੰਡਰ’ ਤੇ ‘ਪਾਕਿਸਤਾਨ ਕਾ ਬੁਆਇ ਵੰਡਰ’ ਹਨ। ਖੇੜਾ ਨੇ ਕਿਹਾ ਕਿ ਜਦੋਂ ਬਹਾਦਰ ਭਾਰਤੀ ਫੌਜ ਨੇ ਪਾਕਿਸਤਾਨ ਦੇ ਗੋਡੇ ਲੁਆ ਦਿੱਤੇ ਤਾਂ ਟਰੰਪ ਦੇ ਫੋਨ ’ਤੇ ਮੋਦੀ ਨੇ ਸਰੰਡਰ ਕਰਕੇ ਲੜਾਈਬੰਦੀ ਕਰ ਦਿੱਤੀ। ਟਰੰਪ ਹੁਣ ਤੱਕ ਕਹਿ ਰਹੇ ਹਨ ਕਿ ਉਨ੍ਹਾ ਵਪਾਰ ਬੰਦ ਕਰਨ ਦੀ ਧਮਕੀ ਦੇ ਕੇ ਭਾਰਤ ਤੇ ਪਾਕਿਸਤਾਨ ਦੀ ਲੜਾਈਬੰਦੀ ਕਰਵਾਈ, ਪਰ ਮੋਦੀ ਚੁੱਪ ਹਨ, ਉਹ ਬੋਲਣਗੇ ਵੀ ਨਹੀਂ, ਕਿਉਂਕਿ ‘ਨਾਮ ਹੈ ਨਰਿੰਦਰ, ਕਾਮ ਹੈ ਸਰੰਡਰ।’ ਇਹੀ ਅਸਲੀਅਤ ਤੇ ਸੱਚ ਹੈ।
ਉਨ੍ਹਾ ਕਿਹਾ, ‘ਅਸੀਂ ਰੈਲੀਆਂ ਦੇ ਪ੍ਰੇਮ ਚੋਪੜਾ ਨੂੰ ਪੁੱਛਦੇ ਹਾਂ ਕਿ ਉਹ ਟਰੰਪ ਦੇ ਦਾਅਵਿਆਂ ਦਾ ਜਵਾਬ ਕਿਉ ਨਹੀਂ ਦਿੰਦੇ। ਸਵਾਲ ਕਰਨ ਵਾਲਿਆਂ ਨੂੰ ਪਾਕਿਸਤਾਨ ਦੀ ਬੋਲੀ ਬੋਲਣ ਵਾਲੇ ਗਰਦਾਨਿਆ ਜਾ ਰਿਹਾ ਹੈ।’ ਉਨ੍ਹਾ ਭਾਜਪਾ ਦੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ, ‘ਇਹ ਨਾ ਸੋਚੋ ਕਿ ਨਰਿੰਦਰ ਮੋਦੀ ਇੰਡੀਆ ਹੈ ਤੇ ਇੰਡੀਆ ਨਰਿੰਦਰ ਮੋਦੀ ਹੈ। ਇਹ ਸੋਚਣਾ ਗਲਤ ਹੈ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਪਰ ਦੇਸ਼ ਨਹੀਂ।’ ਉਨ੍ਹਾ ਇਹ ਵੀ ਕਿਹਾ ਕਿ ਮੋਦੀ ਨੇ ਡਾਇਲਾਗ ਬੋਲਣ ਤੇ ਭਾਸ਼ਣ ਕਰਨ ਦੀ ਟਰੇਨਿੰਗ ਪਰੇਸ਼ ਰਾਵਲ ਤੋਂ ਲਈ ਹੈ।