ਨਿਊਯਾਰਕ : ਏ ਆਈ ਰਾਹੀਂ ਤਿਆਰ ਕੀਤੀ ਗਈ ਇਤਰਾਜ਼ਯੋਗ ਤਸਵੀਰ ਸੰਬੰਧੀ ਵਸੂਲੀ ਦਾ ਸੰਦੇਸ਼ ਮਿਲਣ ਤੋਂ ਬਾਅਦ ਟੈਕਸਾਸ ਦੇ 16 ਸਾਲਾ ਅੱਲ੍ਹੜ ਨੇ ਖੁਦਕੁਸ਼ੀ ਕਰ ਲਈ। ਐਲੀਜਾਹ ਹੀਕੌਕ ਇੱਕ ਖੁਸ਼ ਅਤੇ ਜੋਸ਼ੀਲਾ ਕਿਸ਼ੋਰ ਸੀ। ਉਸ ਵਿੱਚ ਡਿਪਰੈਸ਼ਨ ਜਾਂ ਆਤਮਹੱਤਿਆ ਦੇ ਰੁਝਾਨ ਦੇ ਕੋਈ ਸੰਕੇਤ ਨਹੀਂ ਸਨ।
ਉਸ ਨੂੰ ਇੱਕ ਧਮਕੀ-ਭਰੇ ਸੰਦੇਸ਼ ਦੇ ਨਾਲ ਉਸ ਦੀ ਇਤਰਾਜ਼ਯੋਗ ਤਸਵੀਰ ਪ੍ਰਾਪਤ ਹੋਈ। ਇਹ ਤਸਵੀਰ ਉਸ ਦੇ ਦੋਸਤਾਂ ਅਤੇ ਪਰਵਾਰ ਨੂੰ ਭੇਜਣ ਤੋਂ ਰੋਕਣ ਲਈ ਲੱਗਭੱਗ 2.5 ਲੱਖ ਰੁਪਏ (3,000 ਡਾਲਰ) ਦਾ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਸੀ। ਇਹ ਮੈਸੇਜ਼ ਪ੍ਰਾਪਤ ਹੋਣ ਤੋਂ ਬਾਅਦ ਪੈਦਾ ਹੋਏ ਸਹਿਮ ਨੇ ਉਸ ਨੂੰ ਆਪਣੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ। ਖੁਦਕੁਸ਼ੀ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ 16 ਸਾਲਾ ਐਲੀਜਾਹ ਹੀਕੌਕ ਦਾ ਪਰਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲਸ ਦੇ ਅਨੁਸਾਰ 28 ਫਰਵਰੀ ਨੂੰ ਐਲੀਜਾਹ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ।
ਰਿਪੋਰਟ ਅਨੁਸਾਰ ਮਾਪਿਆਂ (ਜੌਨ ਬਰਨੇਟ ਅਤੇ ਸ਼ੈਨਨ ਹੀਕੌਕ) ਨੇ ਉਸ ਦੇ ਸਮਾਰਟਫੋਨ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਸੁਨੇਹੇ ਮਿਲੇ ਜਿੱਥੇ ਉਨ੍ਹਾਂ ਦਾ ਪੁੱਤਰ ਇਸ ਬਲੈਕਮੇਲਿੰਗ ਦਾ ਸ਼ਿਕਾਰ ਸੀ। ਸੈਕਸਟੋਰਸ਼ਨ ਔਨਲਾਈਨ ਬਲੈਕਮੇਲ ਦਾ ਇੱਕ ਰੂਪ ਹੈ, ਜਿੱਥੇ ਸ਼ਿਕਾਰੀ ਪੀੜਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕਰਨ ਦੀ ਧਮਕੀ ਦਿੰਦੇ ਹਨ ਅਤੇ ਪੈਸਿਆਂ ਦੀ ਮੰਗ ਕਰਦੇ ਹਨ। 2021 ਤੋਂ ਸੈਕਸਟੋਰਸ਼ਨ ਕਾਰਨ ਅਮਰੀਕਾ ਵਿਚ ਘੱਟੋ-ਘੱਟ 20 ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਹੈ।



