ਵਿਦੇਸ਼ੀ ਬੈਂਕਾਂ ਵਿੱਚ ਭਾਰਤੀਆਂ ਵੱਲੋਂ ਜਮ੍ਹਾਂ ਕਾਲਾ ਧਨ 2014 ਦੀਆਂ ਚੋਣਾਂ ਮੌਕੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਦਾ ਮੁੱਖ ਚੋਣ ਮੁੱਦਾ ਸੀ। ਪਿਛਲੇ ਸਾਰੇ ਅਰਸੇ ਦੌਰਾਨ ਵਿਰੋਧੀ ਧਿਰਾਂ ਭਾਜਪਾ ਸਰਕਾਰ ਉੱਤੇ ਲਗਾਤਾਰ ਹਮਲੇ ਕਰਦੀਆਂ ਰਹੀਆਂ ਕਿ ਉਹ ਉਨ੍ਹਾਂ ਲੋਕਾਂ ਦੇ ਨਾਂਅ ਉਜਾਗਰ ਕਰੇ, ਜਿਹੜੇ ਸਵਿਸ ਬੈਂਕਾਂ ਨੇ ਉਸ ਨਾਲ ਸਾਂਝੇ ਕੀਤੇ ਹਨ, ਪਰ ਕੇਂਦਰ ਸਰਕਾਰ ਨੇ ਇਸ ਮਾਮਲੇ ’ਤੇ ਲਗਾਤਾਰ ਚੁੱਪ ਵੱਟੀ ਰੱਖੀ। ਉਹ ਜਾਣਦੀ ਸੀ ਕਿ ਸਵਿਸ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਦਾ ਵੱਡਾ ਹਿੱਸਾ ਉਸ ਦੇ ਕਾਰਪੋਰੇਟ ਮਿੱਤਰਾਂ ਦਾ ਹੈ।
ਹੁਣ ਆਮਦਨ ਕਰ ਵਿਭਾਗ ਨੇ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਵਿਰੁੱਧ ਇਸ ਮਸਲੇ ਵਿੱਚ ਮੁਕੱਦਮਾ ਚਲਾਉਣ ਲਈ ਨੋਟਿਸ ਜਾਰੀ ਕੀਤਾ ਹੈ। ਆਮਦਨ ਕਰ ਵਿਭਾਗ ਨੇ ਅਨਿਲ ਅੰਬਾਨੀ ਵੱਲੋਂ ਦੋ ਸਵਿਸ ਬੈਂਕਾਂ ਵਿੱਚ ਰੱਖੇ 814 ਕਰੋੜ ਰੁਪਏ ਤੋਂ ਵੱਧ ਉੱਤੇ 420 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਲਾਇਆ ਹੈ।
ਵਰਨਣਯੋਗ ਹੈ ਕਿ ਅਨਿਲ ਅੰਬਾਨੀ ਨੇ ਦੋ ਸਾਲ ਪਹਿਲਾਂ ਬਰਤਾਨੀਆ ਦੀ ਇੱਕ ਅਦਾਲਤ ਵਿੱਚ ਇਹ ਬਿਆਨ ਦਿੱਤਾ ਸੀ ਕਿ ਉਨ੍ਹਾ ਕੋਲ ਧੇਲਾ ਵੀ ਨਹੀਂ ਤੇ ਉਹ ਦੀਵਾਲੀਆ ਹਨ। ਅਕਤੂਬਰ 2021 ਵਿੱਚ ਇੰਟਰਨੈਸ਼ਨਲ ਕੰਸੋਰਸ਼ੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ਨੇ ਗੁਪਤ ਵਿੱਤੀ ਲੈਣ-ਦੇਣ ਅਤੇ ਕਾਰੋਬਾਰ ਬਾਰੇ ‘ਪੰਡੋਰਾ ਪੇਪਰਜ਼’ ਨਾਮੀ ਇੱਕ ਵੱਡਾ ਖੁਲਾਸਾ ਕੀਤਾ ਸੀ। ਇਸ ਵਿੱਚ ਸਾਹਮਣੇ ਆਇਆ ਸੀ ਕਿ ਅਨਿਲ ਅੰਬਾਨੀ ਤੇ ਉਸ ਦੇ ਨੁਮਾਇੰਦਿਆਂ ਦੀਆਂ ਜਰਸੀ, ਬਿਟਿ੍ਰਸ਼ ਵਰਜਿਨ ਆਈਲੈਂਡ ਤੇ ਸਾਈਪਰਸ ਵਰਗੀਆਂ ਥਾਵਾਂ ’ਤੇ 18 ਵਿਦੇਸ਼ੀ ਕੰਪਨੀਆਂ ਹਨ।
ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਅਨਿਲ ਅੰਬਾਨੀ ਨੇ ਵਿਦੇਸ਼ਾਂ ਵਿੱਚ ਬੈਂਕ ਅਕਾਊਂਟ ਤੇ ਕਾਰੋਬਾਰ ਦਾ ਬਿਓਰਾ ਨਾ ਦੇ ਕੇ ਟੈਕਸ ਚੋਰੀ ਕੀਤੀ ਹੈ। ਵਿਭਾਗ ਨੇ ਕਿਹਾ ਹੈ ਕਿ ਅਨਿਲ ਅੰਬਾਨੀ ਉੱਤੇ ਕਾਲਾ ਧਨ ਐਕਟ 2015 ਦੀ ਧਾਰਾ 50 ਤੇ 51 ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ, ਜਿਸ ਅਧੀਨ ਜੁਰਮਾਨੇ ਤੋਂ ਇਲਾਵਾ 10 ਸਾਲ ਦੀ ਕੈਦ ਹੋ ਸਕਦੀ ਹੈ। ਵਿਭਾਗ ਵੱਲੋਂ ਅਨਿਲ ਅੰਬਾਨੀ ਨੂੰ ਭੇਜੇ ਗਏ ਨੋਟਿਸ ਮੁਤਾਬਕ ਟੈਕਸ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ ਅੰਬਾਨੀ ਬਹਾਮਾਸ ਸਥਿਤ ਡਾਇਮੰਡ ਟਰੱਸਟ ਤੇ ਇੱਕ ਹੋਰ ਕੰਪਨੀ ਨਾਰਦਰਨ ਐਟਲਾਂਟਿਕ ਟਰੇਡਿੰਗ ਅਨਲਿਮਟਿਡ ਵਿੱਚ ਆਰਥਿਕ ਯੋਗਦਾਨੀ ਦੇ ਨਾਲ-ਨਾਲ ਮੁਨਾਫ਼ਾਖੋਰ ਮਾਲਕ ਵੀ ਹਨ। ਨਾਰਦਰਨ ਐਟਲਾਂਟਿਕ ਟਰੇਡਿੰਗ ਅਨਲਿਮਟਿਡ ਕੰਪਨੀ ਦਾ ਗਠਨ ਬਿ੍ਰਟਿਸ਼ ਵਰਜਿਨ ਆਈਲੈਂਡ ਵਿੱਚ ਕੀਤਾ ਗਿਆ ਸੀ। ਬਹਾਮਾਸ ਟਰੱਸਟ ਦੇ ਮਾਮਲੇ ਵਿੱਚ ਪਤਾ ਲੱਗਾ ਹੈ ਕਿ ਇਹ ਡਰੀਮਵਰਕ ਹੋਲਡਿੰਗਜ਼ ਇੰਕ ਨਾਂਅ ਦੀ ਕੰਪਨੀ ਸੀ। ਸਵਿਸ ਬੈਂਕ ਵਿੱਚ ਖਾਤਾ ਇਸ ਕੰਪਨੀ ਦੇ ਨਾਂਅ ਉੱਤੇ ਹੈ। ਇਸ ਅਕਾਊਂਟ ਵਿੱਚ 31 ਦਸੰਬਰ 2007 ਨੂੰ ਤਿੰਨ ਕਰੋੜ 20 ਲੱਖ ਤੋਂ ਵੱਧ ਦੀ ਰਕਮ ਸੀ। ਸ਼ੁਰੂਆਤ ਵਿੱਚ ਟਰੱਸਟ ਨੂੰ 2.5 ਕਰੋੜ ਡਾਲਰ ਮਿਲੇ ਸਨ, ਜੋ ਅਨਿਲ ਅੰਬਾਨੀ ਦੇ ਨਿੱਜੀ ਖਾਤੇ ਵਿੱਚੋਂ ਆਏ ਸਨ।
ਬਿ੍ਰਟਿਸ਼ ਵਰਜਿਨ ਆਈਲੈਂਡ ਵਾਲੀ ਕੰਪਨੀ ਦਾ ਗਠਨ ਜੁਲਾਈ 2010 ਵਿੱਚ ਕੀਤਾ ਗਿਆ ਸੀ। ਇਸ ਦਾ ਬੈਂਕ ਖਾਤਾ ਸਾਈਪਰਸ ਵਿੱਚ ਹੈ। ਵਿਭਾਗ ਮੁਤਾਬਕ ਇਸ ਕੰਪਨੀ ਦੇ ਮਾਲਕ ਅਨਿਲ ਅੰਬਾਨੀ ਹਨ। ਇਸ ਕੰਪਨੀ ਨੇ 2012 ਵਿੱਚ ਬਹਾਮਾਸ ਵਿੱਚ ਰਜਿਸਟਰਡ ਪੀ ਯੂ ਐੱਸ ਏ ਨਾਂਅ ਦੀ ਕੰਪਨੀ ਤੋਂ 10 ਕਰੋੜ ਡਾਲਰ ਹਾਸਲ ਕੀਤੇ ਸਨ। ਬਹਾਮਾਸ ਵਾਲੀ ਕੰਪਨੀ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਮਾਲਕ ਅਨਿਲ ਅੰਬਾਨੀ ਹਨ। ਵਿਭਾਗ ਨੇ ਕਿਹਾ ਹੈ ਕਿ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਪਰੋਕਤ ਸਭ ਕੰਪਨੀਆਂ ਦੇ ਮਾਲਕ ਅਨਿਲ ਅੰਬਾਨੀ ਹਨ, ਇਸ ਲਈ ਇਨ੍ਹਾਂ ਕੰਪਨੀਆਂ ਦੀ ਜਾਇਦਾਦ ਤੇ ਬੈਂਕਾਂ ਵਿੱਚ ਜਮ੍ਹਾਂ ਧਨ ਅਨਿਲ ਅੰਬਾਨੀ ਦਾ ਹੈ। ਵਿਭਾਗ ਮੁਤਾਬਕ ਇਨ੍ਹਾਂ ਕੰਪਨੀਆਂ ਦੇ ਖਾਤਿਆਂ ਵਿੱਚ 8 ਅਰਬ 14 ਕਰੋੜ 29 ਲੱਖ 95 ਹਜ਼ਾਰ 784 ਰੁਪਏ ਜਮ੍ਹਾਂ ਹਨ ਤੇ ਇਸ ਉੱਤੇ 420 ਕਰੋੜ ਰੁਪਏ ਟੈਕਸ ਬਣਦਾ ਹੈ।