17.5 C
Jalandhar
Monday, December 23, 2024
spot_img

ਭਾਈਚਾਰਕ ਸਾਂਝ ਤੋੜਨ ਦੀ ਗੁਸਤਾਖ਼ੀ

ਪੱਟੀ : ਨੇੜਲੇ ਪਿੰਡ ਠੱਕਰਪੁਰਾ ’ਚ ਗਿਰਜਾਘਰ ਅੰਦਰ ਮੰਗਲਵਾਰ ਰਾਤ ਚਾਰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ ਗਿਰਜਾਘਰ ਦੇ ਪ੍ਰਬੰਧਕ ਦੀ ਕਾਰ ਨੂੰ ਅੱਗ ਲਾ ਦਿੱਤੀ। ਇਸ ਦੇ ਵਿਰੁੱਧ ਇਸਾਈ ਭਾਈਚਾਰੇ ਨੇ ਗਿਰਜਾਘਰ ਦੇ ਸਾਹਮਣੇ ਪੱਟੀ-ਖੇਮਕਰਨ ਸੜਕ ’ਤੇ ਧਰਨਾ ਲਗਾਇਆ।
ਘਟਨਾ ਤੋਂ ਤੁਰੰਤ ਬਾਅਦ ਪੁਲਸ ਸਬਡਵੀਜ਼ਨ ਪੱਟੀ ਦੇ ਅਧਿਕਾਰੀ ਸਤਨਾਮ ਸਿੰਘ ਸੰਧੂ ਤੇ ਥਾਣਾ ਸਦਰ ਦੇ ਐੱਸ ਐੱਚ ਓ ਸੁਖਬੀਰ ਸਿੰਘ ਮੌਕੇ ’ਤੇ ਪਹੁੰਚ ਗਏ ਸਨ। ਡੀ ਐੱਸ ਪੀ ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਅੱਧੀ ਰਾਤ 12.45 ਵਜੇ ਕਰੀਬ ਚਾਰ ਅਣਪਛਾਤਿਆਂ ਨੇ ਗਿਰਜਾਘਰ ਅੰਦਰ ਦਾਖਲ ਹੋ ਕੇ ਚੌਕੀਦਾਰ ਨੂੰ ਬੰਦੀ ਬਣਾ ਕੇ ਮੂਰਤੀਆਂ ਤੋੜੀਆਂ ਤੇ ਕਾਰ ਨੂੰ ਅੱਗ ਲਾ ਕੇ ਸਾੜ ਦਿੱਤਾ। ਪੁਲਸ ਨੇ ਅਣਪਛਾਤਿਆਂ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐੱਸ ਐੱਸ ਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਨੇ ਵੀ ਦੌਰਾ ਕਰਕੇ ਗਿਰਜਾਘਰ ਦੇ ਪ੍ਰਬੰਧਕਾਂ ਨਾਲ ਲੰਮੀ ਗੱਲਬਾਤ ਕੀਤੀ।
ਐਤਵਾਰ ਜੰਡਿਆਲਾ ਗੁਰੂ ਦੇ ਪਿੰਡ ਡੱਡੂਆਣਾ ਵਿਚ ਈਸਾਈ ਪ੍ਰੋਗਰਾਮ ਨੂੰ ਨਿਹੰਗਾਂ ਨੇ ਰੁਕਵਾ ਦਿੱਤਾ ਸੀ। ਭੰਨਤੋੜ ਵੀ ਕੀਤੀ ਸੀ। ਪੁਲਸ ਨੇ ਕਰੀਬ ਡੇਢ ਸੌ ਨਿਹੰਗਾਂ ਖਿਲਾਫ ਕੇਸ ਦਰਜ ਕਰ ਲਿਆ ਸੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਸ ਦਰਜ ਕਰਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਈਸਾਈ ਪਾਦਰੀ ਪਖੰਡ ਕਰਕੇ ਹਿੰਦੂਆਂ ਤੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਨਿਹੰਗਾਂ ਨੇ ਕਈ ਵਾਰ ਸ਼ਿਕਾਇਤ ਕੀਤੀ, ਪਰ ਸਰਕਾਰ ਨੇ ਨਹੀਂ ਸੁਣੀ। ਉਧਰ, ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਦੀ ਭੰਨਤੋੜ ਅਤਿ ਨਿੰਦਣਯੋਗ ਹੈ। ਬੇਅਦਬੀ ਅਤੇ ਅਸਹਿਣਸ਼ੀਲਤਾ ਦੀਆਂ ਅਜਿਹੀਆਂ ਘਟਨਾਵਾਂ ਸੂਬੇ ਦੀ ਫਿਰਕੂ ਸ਼ਾਂਤੀ ਲਈ ਖਤਰਾ ਹਨ। ਹਮਲੇ ਦੇ ਪਿੱਛੇ ਜੋ ਵੀ ਹਨ, ਉਨ੍ਹਾਂ ਨਾਲ ਦੇਸ਼ ਦੇ ਕਾਨੂੰਨ ਅਨੁਸਾਰ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles