ਭਾਰਤੀ ਮਹਿਲਾ ਫੈਡਰੇਸ਼ਨ ਔਰਤਾਂ ਲਈ ਪ੍ਰੇਰਨਾਸਰੋਤ : ਨਰਿੰਦਰ ਸੋਹਲ, ਰਜਿੰਦਰਪਾਲ

0
116

ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਚਾਰ ਜੂਨ ਨੂੰ ਪੰਜਾਬ ਇਸਤਰੀ ਸਭਾ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਭਾਰਤੀ ਮਹਿਲਾ ਫੈਡਰੇਸ਼ਨ ਦੇ ਸਥਾਪਨਾ ਦਿਵਸ ਸੰਬੰਧੀ ਸੂਬਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਕੋਚਰ ਨੇ ਕੀਤੀ। ਸੂਬਾ ਚੇਅਰਪਰਸਨ ਕੁਸ਼ਲ ਭੌਰਾ ਨੇ ਤਾੜੀਆਂ ਦੀ ਗੂੰਜ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ ਨੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਸਟੇਜ ਸਕੱਤਰ ਦੇ ਫਰਜ਼ ਬੜੇ ਸੁਚੱਜੇ ਢੰਗ ਨਾਲ ਨਿਭਾਏ। ਸਮਾਗਮ ਦਾ ਉਦਘਾਟਨ ਕੁਸ਼ਲ ਭੌਰਾ ਨੇ ਕੀਤਾ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ, ਗੁਰਚਰਨ ਕੋਚਰ, ਕਾਮਰੇਡ ਮਨਿੰਦਰ ਭਾਟੀਆ, ਕਾਮਰੇਡ ਡੀ.ਪੀ ਮੌੜ, ਡਾਕਟਰ ਕੁਸਮ ਲਤਾ ਅਤੇ ਐੱਨ ਐੱਫ ਆਈ ਡਬਲਿਊ ਦੇ ਚੰਡੀਗੜ੍ਹ ਯੂਨਿਟ ਦੇ ਜਨਰਲ ਸਕੱਤਰ ਵੀਨਾ ਜੰਮੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੇ ਇਤਿਹਾਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜੱਥੇਬੰਦੀ ਦੀ ਸਥਾਪਨਾ 4 ਜੂਨ 1954 ਨੂੰ ਹੋਈ ਸੀ ਅਤੇ ਅੱਜ 71ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਨਾ ਸਿਰਫ ਸਾਡੇ ਸੰਗਠਨ ਦੇ ਇਤਿਹਾਸਕ ਸਫਰ ਦਾ ਜਸ਼ਨ ਹੈ, ਸਗੋਂ ਔਰਤਾਂ ਦੇ ਅਧਿਕਾਰਾਂ ਲਈ ਦਹਾਕਿਆਂ ਤੋਂ ਚੱਲੇ ਆ ਰਹੇ ਸੰਘਰਸ਼, ਸਮਰਪਣ ਅਤੇ ਹਿੰਮਤ ਦੀ ਮਾਨਤਾ ਵੀ ਹੈ। ਜੱਥੇਬੰਦੀ ਦੇ ਅੰਦੋਲਨ ਅਤੇ ਪ੍ਰਾਪਤੀਆਂ ਦਾ ਇੱਕ ਸ਼ਾਨਦਾਰ ਇਤਿਹਾਸ ਹੈ। ਇਸ ਨੇ ਔਰਤਾਂ ਉੱਤੇ ਕੀਤੇ ਜਾ ਰਹੇ ਜ਼ੁਲਮ ਅਤੇ ਅੱਤਿਆਚਾਰਾਂ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ ਅਤੇ ਆਰਥਿਕ ਤੌਰ ’ਤੇ ਪੱਛੜੀਆਂ ਔਰਤਾਂ ਦੀ ਬੁਲੰਦ ਆਵਾਜ਼ ਬਣ ਕੇ ਮਹਿਲਾ ਵਿਰੋਧੀ ਸਰਕਾਰਾਂ ਵਿਰੁੱਧ ਵੀ ਅੰਦੋਲਨ ਕਰਦਾ ਰਿਹਾ ਹੈ। ਜੱਥੇਬੰਦੀ ਸੰਸਦ ਵਿੱਚ ਔਰਤਾਂ ਨੂੰ ਰਾਖਵਾਂਕਰਨ ਦਿਵਾਉਣ ਲਈ ਵੀ ਲੜਦੀ ਆ ਰਹੀ ਹੈ। ਭਾਰਤੀ ਮਹਿਲਾ ਫੈਡਰੇਸ਼ਨ ਔਰਤਾਂ ਲਈ ਪ੍ਰੇਰਨਾ-ਸਰੋਤ ਹੈ।
ਪ੍ਰੋਗਰਾਮ ਵਿੱਚ ਮਹਿਲਾ ਸਸ਼ਕਤੀਕਰਨ, ਸਿੱਖਿਆ, ਸਿਹਤ ਅਤੇ ਸਮਾਜਿਕ ਸਮਾਨਤਾ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਗਈ ਕਿ ਔਰਤਾਂ ਨੂੰ ਸਮਾਜ ਵਿੱਚ ਸੁਰੱਖਿਆ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਇਸ ਮੌਕੇ ਤਰਨ ਤਾਰਨ ਤੋਂ ਰੁਪਿੰਦਰ ਮਾੜੀਮੇਘਾ ਤੇ ਕਿਰਨਬੀਰ, ਫਾਜ਼ਿਲਕਾ ਤੋਂ ਜੋਗਿੰਦਰ ਕੌਰ, ਜਲੰਧਰ ਤੋਂ ਸੰਤੋਸ਼ ਬਰਾੜ, ਬਠਿੰਡਾ ਤੋਂ ਗੁਰਬਖਸ਼ ਕੌਰ, ਫਿਰੋਜ਼ਪੁਰ ਤੋਂ ਤਿ੍ਰਪਤ ਕਾਲੀਆ ਤੇ ਨਸੀਬ ਕੌਰ, ਸੰਗਰੂਰ ਤੋਂ ਸੁਰਿੰਦਰ ਤੇ ਬਿੰਦਰ, ਨਵਾਂ ਸ਼ਹਿਰ ਤੋਂ ਗੁਰਬਖਸ਼ ਕੌਰ, ਪਟਿਆਲਾ ਤੋਂ ਬਲਜੀਤ ਗਦਾਈਆ, ਲੁਧਿਆਣਾ ਤੋਂ ਗੁਰਚਰਨ ਕੋਚਰ ਤੇ ਕੁਲਵੰਤ ਕੌਰ, ਅੰਮਿ੍ਰਤਸਰ ਤੋਂ ਪ੍ਰਵੀਨ, ਫਰੀਦਕੋਟ ਤੋਂ ਮਨਜੀਤ ਕੌਰ ਤੇ ਆਸ਼ਾ ਰਾਣੀ, ਮੁਕਤਸਰ ਤੋਂ ਸੁਦੇਸ਼, ਬਰਨਾਲਾ ਤੋਂ ਦਲਜੀਤ ਨੋਗੀ, ਮੋਗੇ ਤੋਂ ਸਰਬਜੀਤ ਸਿਮੀ ਜਥੇ ਲੈ ਕੇ ਆਏ। ਹਰਜੀਤ ਢੰਡੀਆਂ ਨੌਜਵਾਨ ਲੜਕੀਆਂ ਦਾ ਜਥਾ ਲੈ ਕੇ ਪਹੁੰਚੇ। ਰਵਿੰਦਰਜੀਤ ਕੌਰ, ਅਮਰਜੀਤ ਬਠਿੰਡਾ, ਸੁਸ਼ਮਾ ਗੋਲਡਨ, ਰਣਵੀਰ ਢਾਬਾਂ, ਉਪਦੇਸ਼, ਸੁਮਿੱਤਰਾ ਚੰਡੀਗੜ੍ਹ, ਸ਼ਵਿੰਦਰ ਕੌਰ ਆਦਿ ਨੇ ਵੀ ਹਾਜ਼ਰੀ ਲਗਵਾਈ। ਪੰਜਾਬ ਇਸਤਰੀ ਸਭਾ ਵੱਲੋਂ ਇਸ ਮੌਕੇ ਗੁਰਚਰਨ ਕੋਚਰ ਅਤੇ ਜੀਤ ਕੁਮਾਰੀ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਇੱਕ ਮਤਾ ਵੀ ਰੱਖਿਆ ਕਿ ਲੁਧਿਆਣਾ ਵਿੱਚ ਲੜਕੀਆਂ ਦੇ ਕਾਲਜ ਨੇੜਲੀ ਗਰਾਊਂਡ ਨੂੰ ਪਾਰਕਿੰਗ ਵਿੱਚ ਬਦਲਿਆ ਜਾ ਰਿਹਾ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਗਰਾਊਂਡ ਕਾਲਜ ਕੋਲ ਹੀ ਰਹਿਣੀ ਚਾਹੀਦੀ ਹੈ। ਇਹ ਮਤਾ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ।