ਅਰਦਾਸ ’ਚ ਸੰਦੇਸ਼ ਜੋੜਨ ਨਾਲ ਛਿੜਿਆ ਵਿਵਾਦ

0
196

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ, ਨਰਿੰਦਰਜੀਤ ਸਿੰਘ)
ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਾਕਾ ਨੀਲਾ ਤਾਰਾ ਦੀ 41 ਬਰਸੀ ਸ਼ੁੱਕਰਵਾਰ ਬੜੇ ਹੀ ਸ਼ਾਂਤਮਈ ਮਾਹੌਲ ਵਿੱਚ ਮਨਾਈ ਗਈ, ਜਦ ਕਿ ਇਹ ਤੂਫਾਨ ਤੋਂ ਪਹਿਲਾਂ ਆਉਣ ਵਾਲੀ ਸ਼ਾਂਤੀ ਦਿਖਾਈ ਦੇ ਰਹੀ ਸੀ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਵਿੱਚ ਕਈ ਅਣਲੋੜੇ ਸ਼ਬਦ ਜੋੜ ਕੇ ਨਵੀ ਚਰਚਾ ਛੇੜ ਦਿੱਤੀ ਹੈ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸੁਬੇਗ ਸਿੰਘ ਸਮੇਤ ਹੋਰਨਾਂ ਦੀ ਯਾਦ ’ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਥੇਦਾਰ ਗੜਗੱਜ ਦਾ ਵਿਰੋਧ ਕਰਨ ਵਾਲੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਹ ਗੜਗੱਜ ਨੂੰ ਜਥੇਦਾਰ ਨਹੀਂ ਮੰਨਦੇ ਤੇ ਉਸ ਵੇਲੇ ਤੱਕ ਵਿਰੋਧ ਕਰਦੇ ਰਹਿਣਗੇ, ਜਦ ਕਿ ਮਰਿਆਦਾ ਅਨੁਸਾਰ ਕੋਈ ਜਥੇਦਾਰ ਨਹੀਂ ਲਗਾਇਆ ਜਾਂਦਾ। ਜਥੇਦਾਰ ਗੜਗੱਜ ਨੂੰ ਪੰਥਕ ਜਥੇਬੰਦੀਆ ਦੇ ਵਿਰੋਧ ਕਾਰਨ ਕੌਮ ਦੇ ਨਾਂਅ ਸੰਦੇਸ਼ ਨਹੀ ਦੇਣ ਦਿੱਤਾ ਗਿਆ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਪਰਵਾਰਾਂ ਨੂੰ ਸਿਰੋਪੇ ਦਿੱਤੇ, ਜਦ ਕਿ ਇਹ ਜ਼ਿੰਮੇਵਾਰੀ ਕਿਸੇ ਧਾਰਮਕ ਸ਼ਖਸ਼ੀਅਤ ਨੇ ਨਿਭਾਉਣੀ ਸੀ। ਧਾਮੀ ਇੱਕ ਸਿਆਸੀ ਆਗੂ ਹਨ ਤੇ ਸਿਆਸੀ ਆਗੂ ਇਸ ਜਗ੍ਹਾ ’ਤੇ ਅਜਿਹਾ ਨਹੀ ਕਰ ਸਕਦਾ। ਸ਼੍ਰੋਮਣੀ ਕਮੇਟੀ ਨੇ ਇੱਕ ਵਾਰੀ ਭਾਈ ਜਸਬੀਰ ਸਿੰਘ ਰੋਡੇ ਦਾ ਵੀ ਉੇਸ ਵੇਲੇ ਵਿਰੋਧ ਕੀਤਾ ਸੀ, ਜਦੋਂ ਨਵੇਂ ਬਣੇ ਅਕਾਲ ਤਖਤ ਦੇ ਸਾਹਮਣੇ ਦਮਦਮੀ ਟਕਸਾਲ ਇਮਲੀ ਦਾ ਬੂਟਾ ਲਗਵਾਉਣਾ ਚਾਹੁੰਦੀ ਸੀ, ਪਰ ਸ਼੍ਰੋਮਣੀ ਕਮੇਟੀ ਨੇ ਬੂਟਾ ਇਹ ਕਹਿ ਕੇ ਨਹੀਂ ਲਾਉਣ ਦਿੱਤਾ ਸੀ ਕਿ ਉਹ ਸਿਆਸੀ ਆਗੂ ਹਨ। ਜੇਕਰ ਅਕਾਲ ਤਖਤ ਦੇ ਸਾਹਮਣੇ ਇੱਕ ਸਿਆਸੀ ਆਗੂ ਇਮਲੀ ਦਾ ਬੂਟਾ ਨਹੀਂ ਲਗਾ ਸਕਦਾ।
ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਵੱਲੋਂ ਕੌਮ ਦੇ ਨਾਂਅ ਸੰਦੇਸ਼ ਨਾ ਦੇਣਾ ਸਾਬਤ ਕਰਦਾ ਹੈ ਕਿ ਕੇਂਦਰ ਦੇ ਹੱਥਾਂ ਵਿੱਚ ਖੇਡਣ ਵਾਲੇ ਅੱਜ ਜਿੱਤ ਗਏ ਹਨ ਤੇ ਪੰਥ ਹਾਰ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਨੇ ਭਾਰੀ ਗਿਣਤੀ ਵਿੱਚ ਵਿਸ਼ੇਸ਼ ਵਰਦੀ ਵਿੱਚ ਟਾਸਕ ਫੋਰਸ ਤਾਇਨਾਤ ਕੀਤੀ ਹੋਈ ਸੀ। ਪੰਜਾਬ ਸਰਕਾਰ ਨੇ ਭਾਰੀ ਗਿਣਤੀ ਵਿੱਚ ਚਿੱਟ ਕੱਪੜਿਆਂ ਵਿੱਚ ਪੁਲ਼ਸ ਫੋਰਸ ਵੀ ਲਗਾਈ ਸੀ। ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਭਰਾ ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ, ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਸਮੇਤ ਕਈ ਪਰਵਾਰਕ ਮੈਂਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਐਡਵੋਕੇਟ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਹਕੂਮਤ ਵੱਲੋਂ ਸਿੱਖ ਕੌਮ ’ਤੇ 1984 ਦੇ ਜੂਨ ਮਹੀਨੇ ਵਿਚ ਕੀਤਾ ਗਿਆ ਜ਼ੁਲਮ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾ ਕਿਹਾ ਕਿ ਜਦੋਂ ਤਕ ਦੁਨੀਆ ਰਹੇਗੀ, ਕਾਂਗਰਸ ਵੱਲੋਂ ਸਿੱਖਾਂ ’ਤੇ ਵਰਤਾਇਆ ਕਹਿਰ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾ ਕਿਹਾ ਕਿ ਜੂਨ ਦਾ ਇਹ ਹਫ਼ਤਾ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਹੈ। ਅੱਜ ਵੀ ਬਹੁਤ ਸਾਰੇ ਮਾਮਲੇ ਸਰਕਾਰਾਂ ਪਾਸ ਲੰਬਤ ਹਨ, ਜਿਨ੍ਹਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਨਾਕਾਰਾਤਮਿਕ ਹੀ ਰਿਹਾ ਹੈ। ਉਨ੍ਹਾ ਕਿਹਾ ਕਿ 2019 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਐਲਾਨ ਕੀਤਾ ਸੀ, ਜਿਸ ’ਤੇ ਸਰਕਾਰ ਪੂਰਾ ਨਹੀਂ ਉਤਰੀ। ਉਨ੍ਹਾ ਕਿਹਾ ਕਿ ਅੱਜ ਵੀ ਸਿੱਖਾਂ ਦੀ ਤਾਕਤ ਨੂੰ ਖੇਰੂੰ-ਖੇਰੂੰ ਕਰਨ ਦੇ ਯਤਨ ਹੋ ਰਹੇ ਹਨ, ਇਸੇ ਤਹਿਤ ਸਿੱਖ ਸੰਸਥਾ ਤੋਂ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਅਲੱਗ ਕੀਤਾ ਗਿਆ। ਉਨ੍ਹਾ ਕਿਹਾ ਕਿ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਦੀ ਚੋਣ ਸਮੇਂ ਜਿਸ ਤਰ੍ਹਾਂ ਦਖ਼ਲਅੰਦਾਜ਼ੀ ਕੀਤੀ ਗਈ, ਉਹ ਸਭ ਦੇ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿੱਖ ਮਸਲਿਆਂ ਦੇ ਹੱਲ ਲਈ ਕੌਮ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ। ਉਨ੍ਹਾ ਸ਼ਹੀਦੀ ਸਮਾਗਮ ਵਿਚ ਪਹੁੰਚੇ ਸਿੰਘ ਸਾਹਿਬਾਨ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਕੁਝ ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕੀਤਾ, ਜਿਨ੍ਹਾਂ ਵੱਲੋਂ ਹੁੜਦੰਗ ਮਚਾਉਣ ਅਤੇ ਗਲਤ ਹਰਕਤਾਂ ਕੀਤੀਆਂ ਗਈਆਂ। ਨੌਜਵਾਨਾਂ ਕੋਲੋਂ 2 ਨਕਲੀ ਪਿਸਤੌਲ ਵੀ ਮਿਲੇ ਹਨ। ਇੱਕ ਨੌਜਵਾਨ, ਜੋ ਪੂਰੀ ਤਰ੍ਹਾਂ ਸੁਰਤ ਵਿੱਚ ਨਹੀਂ ਸੀ, ਵੱਲੋਂ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸੇ ਕਮਰੇ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਵੀ ਤੋੜ ਦਿੱਤਾ ਗਿਆ। ਦਲ ਖਾਲਸਾ ਵੱਲੋਂ ਅੰਮਿ੍ਰਤਸਰ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਦੌਰਾਨ ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੀ।