ਮੁੰਬਈ : ਮਹਿੰਗਾਈ ਦਰ ਵਿਚ ਨਰਮੀ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਘਰੇਲੂ ਅਰਥਚਾਰੇ ਨੂੰ ਰਫਤਾਰ ਦੇਣ ਦੇ ਇਰਾਦੇ ਨਾਲ ਪ੍ਰਮੁੱਖ ਨੀਤੀਗਤ ਵਿਆਜ ਦਰ ਰੈਪੋ ਨੂੰ 0.5 ਫੀਸਦੀ ਘਟਾ ਕੇ 5.5 ਫੀਸਦ ਕਰ ਦਿੱਤਾ ਹੈ। ਆਲਮੀ ਪੱਧਰ ’ਤੇ ਜਾਰੀ ਬੇਯਕੀਨੀ ਦਰਮਿਆਨ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ।
ਬੈਂਕ ਦੇ ਗਵਰਨਰ ਸੰਜੈ ਮਲਹੋਤਰਾ ਨੇ ਮੁਦਰਾ ਨੀਤੀ ਦੀ ਸਮੀਖਿਆ ਲਈ ਦੋ ਮਹੀਨਿਆਂ ਵਿੱਚ ਇਕ ਵਾਰ ਹੋਣ ਵਾਲੀ ਮੀਟਿੰਗ ਉਪਰੰਤ ਕਿਹਾ, ‘ਮੁਦਰਾ ਨੀਤੀ ਕਮੇਟੀ ਦੀ 6 ਮੈਂਬਰੀ ਕਮੇਟੀ ਨੇ ਰੈਪੋ ਦਰ ਵਿਚ 0.50 ਫੀਸਦੀ ਦੀ ਕਟੌਤੀ ਦਾ ਫੈਸਲਾ ਲਿਆ ਹੈ।’ ਰੈਪੋ ਉਹ ਵਿਆਜ ਦਰ ਹੈ, ਜਿਸ ਉੱਤੇ ਵਪਾਰਕ ਬੈਂਕ ਆਪਣੀਆਂ ਤੱਤਕਾਲੀ ਲੋੜਾਂ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੀਆਂ ਹਨ। ਰਿਜ਼ਰਵ ਬੈਂਕ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਲਈ ਇਸ ਦਰ ਦੀ ਵਰਤੋਂ ਕਰਦੀ ਹੈ। ਰੈਪੋ ਦਰ ਵਿੱਚ ਕਟੌਤੀ ਦਾ ਮਤਲਬ ਹੈ ਕਿ ਮਕਾਨ ਸਮੇਤ ਵੱਖ-ਵੱਖ ਕਰਜ਼ਿਆਂ ’ਤੇ ਮਾਸਿਕ ਕਿਸ਼ਤ (ਈ ਐੱਮ ਆਈ) ਵਿੱਚ ਕਮੀ ਆ ਸਕਦੀ ਹੈ।




