ਪਾਕਿਸਤਾਨ ਨੇ ਇਨਸਾਨੀਅਤ ਤੇ ਕਸ਼ਮੀਰੀਅਤ ’ਤੇ ਹਮਲਾ ਕੀਤਾ : ਮੋਦੀ

0
20

ਕਟੜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ’ਤੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ।
ਉਨ੍ਹਾ ਕਿਹਾ ਕਿ ਪਾਕਿਸਤਾਨ ਦਾ ਇਰਾਦਾ ਭਾਰਤ ਵਿੱਚ ਫਿਰਕੂ ਝੜਪਾਂ ਸ਼ੁਰੂ ਕਰਨਾ ਅਤੇ ਸੈਰ-ਸਪਾਟੇ ’ਤੇ ਨਿਰਭਰ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਤੋਂ ਵਾਂਝਾ ਕਰਨਾ ਸੀ। ਮੋਦੀ ਕਸ਼ਮੀਰ ਘਾਟੀ ਲਈ ਪਹਿਲੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਅਤੇ ਚਨਾਬ ਨਦੀ ’ਤੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਉਨ੍ਹਾ ਕਿਹਾ ਕਿ ਸੈਰ-ਸਪਾਟਾ ਰੁਜ਼ਗਾਰ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਵਿਚਕਾਰ ਜੋੜਨ ਵਾਲੀ ਕੜੀ ਵਜੋਂ ਕੰਮ ਕਰਦਾ ਹੈ, ਪਰ ਬਦਕਿਸਮਤੀ ਨਾਲ ਗੁਆਂਢੀ ਦੇਸ਼ ਮਨੁੱਖਤਾ, ਸਦਭਾਵਨਾ ਅਤੇ ਸੈਰ-ਸਪਾਟੇ ਦਾ ਦੁਸ਼ਮਣ ਹੈ।
ਉਨ੍ਹਾ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ਵਿੱਚ ਜੋ ਹੋਇਆ, ਉਹ ਇਸ ਦੀ ਇੱਕ ਉਦਾਹਰਣ ਹੈ। ਮੋਦੀ ਨੇ ਕਿਹਾ, ‘ਪਾਕਿਸਤਾਨ ਨੇ ਪਹਿਲਗਾਮ ਵਿੱਚ ਇਨਸਾਨੀਅਤ ਅਤੇ ਕਸ਼ਮੀਰੀਅਤ ’ਤੇ ਹਮਲਾ ਕੀਤਾ ਹੈ। ਪਾਕਿਸਤਾਨ ਦਾ ਇਰਾਦਾ ਭਾਰਤ ਵਿੱਚ ਫਿਰਕੂ ਦੰਗੇ ਕਰਵਾਉਣਾ ਸੀ। ਉਹ ਕਸ਼ਮੀਰ ਦੇ ਲੋਕਾਂ ਤੋਂ ਉਨ੍ਹਾਂ ਦੀ ਕਮਾਈ ਖੋਹਣਾ ਚਾਹੁੰਦਾ ਸੀ, ਇਸ ਲਈ ਪਾਕਿਸਤਾਨ ਨੇ ਸੈਰ-ਸਪਾਟੇ ’ਤੇ ਹਮਲਾ ਕੀਤਾ।’