ਜੰਨਤ ਦੇ ਨਜ਼ਾਰੇ ਬਾਈ ਟਰੇਨ

0
20

ਕਟੜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਪਹਿਲੀ ਦਿੱਲੀ-ਸ੍ਰੀਨਗਰ ਵੰਦੇ ਭਾਰਤ ਐੱਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਇਹ ਪਹਿਲੀ ਰੇਲ ਗੱਡੀ ਹੈ, ਜੋ ਵਾਦੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਹੈ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਇਹਤਿਆਤ ਵਜੋਂ ਕਟੜਾ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਉਨ੍ਹਾ ਚਨਾਬ ਦਰਿਆ ਉੱਤੇ 359 ਮੀਟਰ (1,178 ਫੁੱਟ) ਦੀ ਉਚਾਈ ’ਤੇ ਬਣੇ ਪੁਲ ਦਾ ਉਦਘਾਟਨ ਵੀ ਕੀਤਾ। ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌਰੀ ਵਿਚਕਾਰ ਬਣਿਆ ਆਰਕ ਪੁਲ ਦਰਿਆ ਦੇ ਤਲ ਤੋਂ 1,178 ਫੁੱਟ ਉੱਚਾ ਹੈ, ਜੋ ਕਟੜਾ ਤੋਂ ਬਨਿਹਾਲ ਤੱਕ ਇੱਕ ਮਹੱਤਵਪੂਰਨ ਲਿੰਕ ਹੈ। ਇਹ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਦਾ ਹਿੱਸਾ ਹੈ, ਜੋ 35000 ਕਰੋੜ ਰੁਪਏ ਦਾ ਸੁਪਨਮਈ ਪ੍ਰੋਜੈਕਟ ਹੈ। ਪੁਲ ਨੇ ਸਾਰੇ ਲਾਜ਼ਮੀ ਟੈਸਟ ਪਾਸ ਕਰ ਲਏ ਹਨ।
ਜੰਮੂ ਤੇ ਕਸ਼ਮੀਰ ਦੇ ਲੋਕਾਂ ਨੂੰ ਦੋ ਦਹਾਕਿਆਂ ਦੀ ਉਡੀਕ ਮਗਰੋਂ ਇਹ ਪੁਲ ਮਿਲਿਆ ਹੈ। ਇਹ ਪ੍ਰੋਜੈਕਟ 2003 ਵਿੱਚ ਮਨਜ਼ੂਰ ਹੋਇਆ ਸੀ, ਪਰ ਸਥਿਰਤਾ ਅਤੇ ਸੁਰੱਖਿਆ ਦੇ ਡਰ ਕਾਰਨ ਪ੍ਰੋਜੈਕਟ ਦੇਰੀ ਨਾਲ ਸ਼ੁਰੂ ਹੋਇਆ। ਸਾਲ 2008 ਵਿੱਚ ਰੇਲਵੇ ਪੁਲ ਦੇ ਨਿਰਮਾਣ ਦਾ ਠੇਕਾ ਦਿੱਤਾ ਗਿਆ ਸੀ। ਪੁਲ ਦੀ ਸਥਿਰਤਾ ਅਤੇ ਸੁਰੱਖਿਆ ਦੀ ਜਾਂਚ ਕਰਨ ਲਈ ਕੀਤੇ ਗਏ ਟੈਸਟਾਂ ਵਿੱਚ ਉੱਚ ਰਫਤਾਰ ਵਾਲੀਆਂ ਹਵਾਵਾਂ ਦੀ ਜਾਂਚ, ਸਿਖਰਲੇ ਤਾਪਮਾਨ ਦੀ ਜਾਂਚ, ਭੁਚਾਲ ਸੰਭਾਵੀ ਟੈਸਟ ਅਤੇ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਹਾਈਡਰੋਲੋਜੀਕਲ ਪ੍ਰਭਾਵ ਸ਼ਾਮਲ ਹਨ। ਇਹ ਪੁਲ 260 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੀਆਂ ਹਵਾਵਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅਤੇ ਇਸ ਦੀ ਉਮਰ 120 ਸਾਲ ਹੋਵੇਗੀ। ਇਸ ਪੁਲ ਰਾਹੀਂ ਰੇਲ ਗੱਡੀ ਦਿੱਲੀ ਤੋਂ ਚੱਲੇਗੀ ਅਤੇ ਕਟੜਾ ਰਾਹੀਂ ਸ੍ਰੀਨਗਰ ਪਹੁੰਚੇਗੀ। ਕਟੜਾ ਮਾਤਾ ਵੈਸ਼ਨੋ ਦੇਵੀ ਤੀਰਥ ਦਾ ਅਧਾਰ ਹੈ। ਭਾਵੇਂ ਕਿ ਕਸ਼ਮੀਰ ਵਾਦੀ ਨੂੰ ਰੇਲ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਦਾ ਵਿਚਾਰ 1970 ਦੇ ਦਹਾਕੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਪੇਸ਼ ਕੀਤਾ ਗਿਆ ਸੀ, ਪਰ ਇਸ ਪ੍ਰੋਜੈਕਟ ਨੂੰ 1994 ਵਿੱਚ ਵੇਲੇ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਧਿਕਾਰਤ ਤੌਰ ’ਤੇ ਮਨਜ਼ੂਰੀ ਦਿੱਤੀ ਗਈ ਸੀ। ਰੇਲਵੇ ਲਿੰਕ ’ਤੇ ਗੰਭੀਰਤਾ ਨਾਲ ਕੰਮ 2002 ਵਿੱਚ ਸ਼ੁਰੂ ਹੋਇਆ ਸੀ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤੀ ਲਈ ਫੰਡ ਮਨਜ਼ੂਰ ਕੀਤੇ ਸਨ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਸਕੂਲ ਵਿੱਚ ਪੜ੍ਹਦੇ ਸਮੇਂ ਤੋਂ ਹੀ ਕਸ਼ਮੀਰ ਜਾਣ ਵਾਲੀ ਰੇਲ ਗੱਡੀ ਬਾਰੇ ਸੁਣਦੇ ਆ ਰਹੇ ਸਨ। ਅਬਦੁੱਲਾ ਨੇ ਕਟੜਾ ਰੇਲਵੇ ਸਟੇਸ਼ਨ ’ਤੇ ਪੱਤਰਕਾਰਾਂ ਨੂੰ ਦੱਸਿਆ, ‘ਜੇ ਮੈਂ ਇਹ ਕਹਾਂ ਕਿ ਮੈਂ ਇਸ ਦਿਨ ਦੀ ਬਹੁਤ ਸਮੇਂ ਤੋਂ ਉਡੀਕ ਕਰ ਰਿਹਾ ਸੀ, ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ। ਇਹ ਪ੍ਰੋਜੈਕਟ ਉਦੋਂ ਸ਼ੁਰੂ ਹੋਇਆ ਸੀ, ਜਦੋਂ ਮੈਂ ਸਕੂਲ ਵਿੱਚ ਸੀ, ਸ਼ਾਇਦ 7ਵੀਂ ਜਾਂ 8ਵੀਂ ਜਮਾਤ ਵਿੱਚ। ਅੱਜ ਮੇਰੇ ਬੱਚਿਆਂ ਨੇ ਵੀ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਹੁਣ ਕੰਮ ਕਰ ਰਹੇ ਹਨ।’ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਆਜ਼ਾਦ ਭਾਰਤ ਵਿੱਚ ਬਣੇ ਸਭ ਤੋਂ ਅਹਿਮ ਰੇਲਵੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। 272 ਕਿੱਲੋਮੀਟਰ ਹਿਮਾਲਿਆ ਵਿੱਚੋਂ ਲੰਘਦਾ ਇਹ ਪ੍ਰੋਜੈਕਟ 43,780 ਕਰੋੜ ਰੁਪਏ ਵਿੱਚ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਵਿੱਚ 119 ਕਿੱਲੋਮੀਟਰ ਤੱਕ ਫੈਲੀਆਂ 36 ਸੁਰੰਗਾਂ ਅਤੇ 943 ਪੁਲ ਸ਼ਾਮਲ ਹਨ, ਜੋ ਵਾਦੀਆਂ, ਪਹਾੜੀਆਂ ਤੇ ਪਹਾੜੀ ਰਸਤਿਆਂ ਨੂੰ ਆਪਸ ਵਿੱਚ ਜੋੜਦੇ ਹਨ।