ਸੋਨੀਆ ਦੀ ਤਬੀਅਤ ਵਿਗੜੀ

0
166

ਸ਼ਿਮਲਾ : ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਨਿੱਚਰਵਾਰ ਅਚਾਨਕ ਸਿਹਤ ਵਿਗੜਨ ਕਾਰਨ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ/ਹਸਪਤਾਲ ਲਿਜਾਇਆ ਗਿਆ। ਉਨ੍ਹਾ ਦੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਉਹ ਤਿੰਨ ਦਿਨ ਪਹਿਲਾਂ ਇੱਥੇ ਆਏ ਸਨ। ਸਿਹਤ ਨਾਸਾਜ਼ ਹੋਣ ਵੇਲੇ ਉਹ ਇੱਥੋਂ 12 ਕਿੱਲੋਮੀਟਰ ਦੂਰ ਸੈਲਾਨੀ ਕੇਂਦਰ ਮਸ਼ੋਬਰਾ ਨੇੜੇ ਚਾਰਬਰਾ ਵਿਖੇ ਆਪਣੀ ਧੀ ਪਿ੍ਰਅੰਕਾ ਵਾਡਰਾ ਗਾਂਧੀ ਦੇ ਘਰ ਰਹਿ ਰਹੇ ਸਨ।
ਗੋਲਡੀ ਬਰਾੜ ਸਣੇ ਪੰਜ ਖਿਲਾਫ ਚਾਰਜਸ਼ੀਟ ਦਾਖਲ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ 2024 ਵਿੱਚ ਗੁਰੂਗ੍ਰਾਮ ਦੇ ਦੋ ਕਲੱਬਾਂ ’ਤੇ ਹੋਏ ਬੰਬ ਹਮਲਿਆਂ ਨਾਲ ਸੰਬੰਧਤ ਮਾਮਲੇ ਵਿੱਚ ਕੈਨੇਡਾ ਰਹਿੰਦੇ ਖਾਲਿਸਤਾਨੀ ਅੱਤਵਾਦੀ ਗੋਲਡੀ ਬਰਾੜ ਸਮੇਤ ਪੰਜ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ। ਉਸ ਨੇ ਸ਼ੁੱਕਰਵਾਰ ਪੰਚਕੂਲਾ ਦੀ ਇੱਕ ਅਦਾਲਤ ਵਿੱਚ ਦਾਇਰ ਆਪਣੀ ਫਰਦ ਜੁਰਮ ਵਿੱਚ ਭਾਰਤੀ ਨਿਆਏ ਸੰਹਿਤਾ, ਅਸਲਾ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਤਲਿਆਨ, ਅੰਕਿਤ, ਭਾਵਿਸ਼ ਅਤੇ ਅਮਰੀਕਾ ਸਥਿਤ ਰਣਦੀਪ ਸਿੰਘ ਉਰਫ ਰਣਦੀਪ ਮਲਿਕ ਨੂੰ ਨਾਮਜ਼ਦ ਕੀਤਾ ਹੈ। ਬਰਾੜ ਅਤੇ ਮਲਿਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਇਸ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਐੱਨ ਆਈ ਏ ਨੇ ਮੁਲਜ਼ਮਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਵੇਅਰ ਹਾਊਸ ਕਲੱਬ ਅਤੇ ਹਿਊਮਨ ਕਲੱਬ ਨੂੰ ਬੰਬਾਂ ਨਾਲ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਪਾਇਆ ਸੀ। ਐੱਨ ਆਈ ਏ ਮੁਤਾਬਕ ਇਹ ਹਮਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਹਿੰਸਾ ਫੈਲਾ ਕੇ ਹਰਿਆਣਾ ਅਤੇ ਗੁਆਂਢੀ ਖੇਤਰਾਂ ਵਿੱਚ ਫਿਰਕੂ ਤਣਾਅ ਫੈਲਾਉਣ ਤੇ ਸ਼ਾਂਤੀ ਭੰਗ ਕਰਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਸੀ। ਇਹ ਹਮਲੇ 10 ਦਸੰਬਰ, 2024 ਨੂੰ ਕੀਤੇ ਗਏ ਸਨ।