ਠਾਣੇ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗੁਰਦਾ ਟਰਾਂਸਪਲਾਂਟ ਦੀ ਲੋੜ ਵਾਲੀ ਇੱਕ ਮਹਿਲਾ ਮਰੀਜ਼ ਨੂੰ ਜਲਗਾਓਂ ਤੋਂ ਮੁੰਬਈ ਆਪਣੇ ਚਾਰਟਰਡ ਜਹਾਜ਼ ਵਿੱਚ ਲਿਜਾ ਕੇ ਉਸ ਦਾ ਬਚਾਅ ਕੀਤਾ, ਜਦੋਂ ਉਸ ਦੀ ਉੱਤਰੀ ਮਹਾਰਾਸ਼ਟਰ ਤੋਂ ਰਾਜਧਾਨੀ ਲਈ ਫਲਾਈਟ ਖੁੰਝ ਗਈ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਜਲਗਾਓਂ ਹਵਾਈ ਅੱਡੇ ’ਤੇ ਵਾਪਰੀ। ਸ਼ਿੰਦੇ ਸ਼ੁੱਕਰਵਾਰ ਨੂੰ ਸੰਤ ਮੁਕਤਾਬਾਈ ਪਾਲਕੀ ਰਵਾਨਗੀ ਸਮਾਰੋਹ ਲਈ ਮੁਕਤਾਬਾਈਨਗਰ (ਜਲਗਾਓਂ ਜ਼ਿਲ੍ਹੇ ਵਿੱਚ) ਦੇ ਦੌਰੇ ’ਤੇ ਸਨ। ਮੁੰਬਈ ਵਾਪਸ ਆਉਂਦੇ ਸਮੇਂ ਜਲਗਾਓਂ ਹਵਾਈ ਅੱਡੇ ’ਤੇ ਉਨ੍ਹਾ ਦੀ ਉਡਾਨ ਵਿੱਚ ਥੋੜ੍ਹੀ ਦੇਰੀ ਹੋਈ, ਪਰ ਇਹ ਦੇਰੀ ਇੱਕ ਔਰਤ ਲਈ ਜਾਨ ਬਚਾਉਣ ਵਾਲੀ ਸਾਬਤ ਹੋਈ। ਸ਼ੀਤਲ ਬੋਰਡੇ ਆਪਣੀ ਨਿਰਧਾਰਤ ਟਰਾਂਸਪਲਾਂਟ ਸਰਜਰੀ ਲਈ ਸਮੇਂ ਸਿਰ ਮੁੰਬਈ ਜਾਣ ਦੀ ਉਮੀਦ ਨਾਲ ਹਵਾਈ ਅੱਡੇ ’ਤੇ ਪਹੁੰਚੀ, ਪਰ ਉਸ ਦੀ ਉਡਾਨ ਪਹਿਲਾਂ ਹੀ ਰਵਾਨਾ ਹੋ ਚੁੱਕੀ ਸੀ। ਦੇਰੀ ਦੀ ਗੰਭੀਰਤਾ ਕਾਰਨ ਮਹਿਲਾ ਨੇ ਹਵਾਈ ਅੱਡੇ ’ਤੇ ਸਥਾਨਕ ਕਾਰਕੁਨਾਂ ਨੂੰ ਆਪਣੀ ਸਥਿਤੀ ਬਾਰੇ ਦੱਸਿਆ। ਕਾਰਕੁਨਾਂ ਨੇ ਤੁਰੰਤ ਰਾਜ ਮੰਤਰੀ ਗਿਰੀਸ਼ ਮਹਾਜਨ ਨਾਲ ਸੰਪਰਕ ਕੀਤਾ, ਜਿਨ੍ਹਾ ਸ਼ਿੰਦੇ ਨੂੰ ਮਦਦ ਲਈ ਬੇਨਤੀ ਕੀਤੀ।
ਬਿਨਾਂ ਕਿਸੇ ਝਿਜਕ ਦੇ ਸ਼ਿੰਦੇ ਮਹਿਲਾ ਅਤੇ ਉਸ ਦੇ ਪਤੀ ਨੂੰ ਆਪਣੀ ਚਾਰਟਰਡ ਉਡਾਨ ਵਿੱਚ ਮੁੰਬਈ ਲੈ ਗਏ। ਮੁੰਬਈ ਉਤਰਨ ਤੋਂ ਬਾਅਦ ਸ਼ਿੰਦੇ ਨੇ ਤੁਰੰਤ ਇੱਕ ਵਿਸ਼ੇਸ਼ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ। ਇਹ ਵੀ ਰਿਪੋਰਟ ਹੈ ਕਿ ਹਨੇਰਾ ਹੋਣ ਕਰਕੇ ਪਾਇਲਟ ਨੇ ਡਿਊਟੀ ਸਮਾਂ ਖਤਮ ਹੋਣ ਦੀ ਗੱਲ ਕਹਿ ਕੇ ਜਹਾਜ਼ ਉਡਾਉਣ ਤੋਂ ਨਾਂਹ ਕਰ ਦਿੱਤੀ ਸੀ, ਪਰ ਏਅਰਲਾਈਨ ਦੇ ਮਨਾਉਣ ’ਤੇ ਰਾਜ਼ੀ ਹੋਇਆ।




