ਦੇਸ਼ ਭਗਤਾਂ ਵੱਲੋਂ ਡਾ. ਸਵਰਾਜਬੀਰ ਦਾ ਸਨਮਾਨ

0
17

ਜਲੰਧਰ : ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ, ਕਵੀ, ਲੋਕ ਜ਼ਿੰਦਗੀ ਦਾ ਸਿਰਮੌਰ ਪੱਤਰਕਾਰ, ਗ਼ਦਰੀ ਬਾਬਿਆਂ ਦੇ ਮੇਲੇ ਅੰਦਰ ਇੱਕ ਤੋਂ ਵਧ ਕੇ ਇੱਕ ਖੂਬਸੂਰਤ ਨਾਟਕ ਨਾਟਕਾਂ ਭਰੀ ਰਾਤ ਦੇ ਮੱਥੇ ਚੰਨ ਵਾਂਗ ਜੜਨ ਵਾਲੇ ਨਾਟਕਕਾਰ ਡਾ. ਸਵਰਾਜਬੀਰ ਦਾ ਸੋਮਵਾਰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕਰਨ ਦੀ ਖੁਸ਼ੀ ਮਾਣੀ ਗਈ।
ਇਹ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਡਾ. ਸਵਰਾਜਬੀਰ ਨੇ ਕਾਫ਼ੀ ਸਮਾਂ ਲਾਇਬ੍ਰੇਰੀ, ਮਿਊਜ਼ੀਅਮ ਅਤੇ ਕਿਤਾਬ ਘਰ ਵਿੱਚ ਗੁਜ਼ਾਰਿਆ। ਉਹ ਅਗਲੇ ਮਹੀਨਿਆਂ ਵਿੱਚ ਪੰਜਾਬੀ ਸਾਹਿਤ, ਗੀਤ-ਸੰਗੀਤ, ਰੰਗਮੰਚ ਅਤੇ ਵਿਚਾਰ-ਮੰਥਨ ਦੇ ਖੇਤਰ ’ਚ ਕਿਸੇ ਨਾ ਕਿਸੇ ਸਬੱਬ ਨਾਲ ਇਤਿਹਾਸਕ ਵਿਰਾਸਤ ਦੀਆਂ ਸਾਹਿਤਕ, ਸੱਭਿਆਚਾਰਕ ਕਦਰਾਂ-ਕੀਮਤਾਂ ਸਾਡੇ ਸਮਿਆਂ ਦੀਆਂ ਹਾਨਣਾ ਕਿਵੇਂ ਨੇ ਅਤੇ ਭਵਿੱਖ਼ ’ਚ ਕੀ ਕਰਨਾ ਲੋੜੀਏ, ਖੋਜ ਕਾਰਜ ਦੇ ਸੰਬੰਧ ਵਿੱਚ ਦੇਸ਼ ਭਗਤ ਯਾਦਗਾਰ ਹਾਲ ਆਏ ਸਨ। ਪੁਸਤਕਾਂ ਦੇ ਸੈੱਟ ਨਾਲ ਡਾ. ਸਵਰਾਜਬੀਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਦੇ ਸੀਨੀਅਰ ਟਰੱਸਟੀ ਗੁਰਮੀਤ ਮੌਜੂਦ ਸਨ। ਉਹਨਾਂ ਡਾ. ਸਵਰਾਜਬੀਰ ਨੂੰ ਇਸ ਵਰੇ੍ਹ ਗ਼ਦਰੀ ਗੁਲਾਬ ਕੌਰ ਨੂੰ ਸਮਰਪਤ ਕੀਤੇ ਜਾ ਰਹੇ ਮੇਲੇ ’ਚ ਹਰ ਵਾਰ ਦੀ ਤਰ੍ਹਾਂ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ ਭਗਤ ਕਮੇਟੀ ਨੇ ਅੱਜ ਦੁਨੀਆ ਦੀ ਪ੍ਰਸਿੱਧ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ, ਫਰਾਂਸ, ਜਰਮਨ, ਸਪੇਨ, ਨੀਦਰਲੈਂਡ ਆਦਿ ਦੇ ਵਫ਼ਦ ਦੀ ਅਗਵਾਈ ’ਚ ਭੁੱਖਮਰੀ ਦਾ ਸ਼ਿਕਾਰ ਗਾਜ਼ਾ ਫਲਸਤੀਨ ਵਾਸੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਜਹਾਜ਼ ਨੂੰ ਇਜ਼ਰਾਈਲ ਵੱਲੋਂ ਪਹਿਲਾਂ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਦੇਣ ਅਤੇ ਫ਼ਿਰ ਫੌਜੀ ਜਹਾਜ਼ਾਂ, ਡਰੋਨਾਂ ਰਾਹੀਂ ਮਾਰੂ ਕੈਮੀਕਲ ਦਾ ਛਿੜਕਾਅ ਕਰਕੇ ਰਾਹਤ ਸਮੱਗਰੀ ਵਾਲੇ ਵਫ਼ਦ ਨੂੰ ਡੱਕਣ ਲਈ ਕੀਤੀਆਂ ਗੈਰ-ਮਾਨਵੀ ਅਤੇ ਸਿਰੇ ਦੀਆਂ ਹੈਂਕੜ ਭਰੀਆਂ ਕਾਰਵਾਈਆਂ ਦੀ ਤਿੱਖੀ ਆਲੋਚਨਾ ਕੀਤੀ ਗਈ। ਉਹਨਾਂ ਕਿਹਾ ਕਿ ਰਾਹਤ ਸਮੱਗਰੀ ਲੈ ਕੇ ਜਾ ਰਹੇ ਵਫ਼ਦ ਨੂੰ ਇਜ਼ਰਾਈਲੀ ਹਾਕਮਾਂ ਵੱਲੋਂ ਗਿ੍ਰਫ਼ਤਾਰ ਕਰਨਾ ਮਾਨਵੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਪ੍ਰਵਾਸੀ ਕਾਮਿਆਂ ਦੇ ਉਜਾੜੇ ਖ਼ਿਲਾਫ਼ ਜਨਤਕ ਪ੍ਰਤੀਰੋਧ ਨੂੰ ਦਬਾਉਣ ਲਈ ਟਰੰਪ ਹਕੂਮਤ ਵੱਲੋਂ ਸ਼ਹਿਰ ਨੂੰ ਫੌਜੀ ਛਾਉਣੀ ’ਚ ਤਬਦੀਲ ਕਰਨ ਅਤੇ ਲੋਕਾਂ ਉਪਰ ਕਹਿਰ ਢਾਹੁਣ ਅਤੇ ਫ਼ਲਸਤੀਨੀ ਲੋਕਾਂ ਲਈ ਰਾਹਤ ਸਮੱਗਰੀ ਰੋਕਣ ਵਿਰੁੱਧ, ਦੁਨੀਆਂ ਭਰ ’ਚ ਵਸਦੇ ਗ਼ਦਰੀਆਂ ਦੇ ਵਾਰਸ ਭਾਰਤ ਵਾਸੀਆਂ ਨੂੰ ਆਵਾਜ਼ ਉਠਾਉਣ ਦੀ ਕਮੇਟੀ ਨੇ ਅਪੀਲ ਕੀਤੀ ਹੈ।