ਹਨੀਮੂਨ ਦੌਰਾਨ ਪਤੀ ਦੇ ਕਤਲ ’ਚ ਪਤਨੀ ਗਿ੍ਰਫਤਾਰ

0
16

ਸ਼ਿਲੌਂਗ : ਮੇਘਾਲਿਆ ਪੁਲਸ ਨੇ ਇੰਦੌਰ ਦੇ ਸੈਲਾਨੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਰਘੂਵੰਸ਼ੀ ਨੂੰ ਉਸ ਦੀ ਪਤਨੀ ਸੋਨਮ ਨੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਕਥਿਤ ਤੌਰ ’ਤੇ ਭਾੜੇ ਦੇ ਬੰਦਿਆਂ ਤੋਂ ਕਤਲ ਕਰਵਾਇਆ ਸੀ।
ਸੋਨਮ ਨੇ ਯੂ ਪੀ ਦੇ ਗਾਜ਼ੀਪੁਰ ਵਿੱਚ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਹਮਲਾਵਰਾਂ ਨੂੰ ਰਾਤ-ਭਰ ਮਾਰੇ ਛਾਪਿਆਂ ਦੌਰਾਨ ਗਿ੍ਰਫਤਾਰ ਕੀਤਾ ਗਿਆ ਹੈ। ਟਰਾਂਸਪੋਰਟ ਕਾਰੋਬਾਰੀ ਰਘੂਵੰਸ਼ੀ ਅਤੇ ਉਸ ਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ। ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸ ਦੀ ਪਤਨੀ ਦੀ ਭਾਲ ਜਾਰੀ ਸੀ।ਡੀ ਜੀ ਪੀ ਆਈ ਨੋਂਗਰਾਂਗ ਨੇ ਸੋਮਵਾਰ ਸਵੇਰੇ ਦੱਸਿਆ ਕਿ ਇੱਕ ਵਿਅਕਤੀ ਨੂੰ ਯੂ ਪੀ ਤੋਂ ਚੁੱਕਿਆ ਸੀ, ਜਦੋਂਕਿ ਦੋ ਹੋਰਨਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਇੰਦੌਰ ਤੋਂ ਕਾਬੂ ਕੀਤਾ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਹੈ ਕਿ ਸੋਨਮ ਨੇ ਰਘੂਵੰਸ਼ੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਕੁਝ ਹੋਰ ਵਿਅਕਤੀਆਂ ਨੂੰ ਫੜਨ ਲਈ ਮੱਧ ਪ੍ਰਦੇਸ਼ ਵਿੱਚ ਕਾਰਵਾਈ ਜਾਰੀ ਹੈ।
ਮਾਵਲਾਖੀਅਤ ਵਿੱਚ ਇੱਕ ਟੂਰਿਸਟ ਗਾਈਡ ਐਲਬਰਟ ਪੇਡੇ ਨੇ ਰਘੂਵੰਸ਼ੀ ਅਤੇ ਉਸ ਦੀ ਪਤਨੀ ਨੂੰ 23 ਮਈ ਨੂੰ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਨਾਲ ਦੇਖਿਆ ਸੀ। ਮਗਰੋਂ ਰਘੂਵੰਸ਼ੀ ਦੀ ਲਾਸ਼ ਵੀਸਾਡੋਂਗ ਫਾਲਸ (ਝਰਨੇ) ਨੇੜੇ ਇੱਕ ਖੱਡ ਵਿੱਚੋਂ ਮਿਲੀ ਸੀ। ਉਸ ਦੀ ਇੱਕ ਸੋਨੇ ਦੀ ਅੰਗੂਠੀ ਅਤੇ ਗਲੇ ਦੀ ਚੇਨ ਗਾਇਬ ਸੀ, ਜਿਸ ਨਾਲ ਸ਼ੱਕ ਪੈਦਾ ਹੋ ਗਿਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਤੋਂ ਇਕ ਦਿਨ ਬਾਅਦ ਨੇੜੇ ਹੀ ਇੱਕ ਖੂਨ ਨਾਲ ਲੱਥਪੱਥ ਚਾਕੂ ਮਿਲਿਆ, ਅਤੇ ਦੋ ਦਿਨ ਬਾਅਦ, ਸੋਹਰਾਰੀਮ ਅਤੇ ਖੱਡ ਵਿਚਕਾਰ, ਜਿੱਥੇ ਰਘੂਵੰਸ਼ੀ ਦੀ ਲਾਸ਼ ਮਿਲੀ ਸੀ, ਮਾਵਮਾ ਪਿੰਡ ਵਿੱਚ ਇੱਕ ਰੇਨਕੋਟ ਮਿਲਿਆ, ਜੋ ਜੋੜੇ ਵੱਲੋਂ ਵਰਤੇ ਗਏ ਰੇਨਕੋਟ ਵਰਗਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਉਨ੍ਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਹੈ।
ਰਘੂਵੰੰਸ਼ੀ ਤੇ ਉਸ ਦੀ ਪਤਨੀ ਸੋਨਮ ਦਾ ਵਿਆਹ 11 ਮਈ ਨੂੰ ਹੋਇਆ ਸੀ ਤੇ ਉਹ ਮੇਘਾਲਿਆ ਵਿੱਚ ਹਨੀਮੂਨ ਲਈ 20 ਮਈ ਨੂੰ ਨਿਕਲੇ ਸਨ। ਉਹ ਕਿਰਾਏ ਦੇ ਸਕੂਟਰ ’ਤੇ 22 ਮਈ ਨੂੰ ਮਾਵਲਾਖੀਅਤ ਪਿੰਡ ਪਹੁੰਚੇ ਸਨ। ਉਨ੍ਹਾਂ ਦਾ ਸਕੂਟਰ 24 ਮਈ ਨੂੰ ਸ਼ਿਲੌਂਗ ਤੋਂ ਸੋਹਰਾ ਜਾਣ ਵਾਲੀ ਸੜਕ ਕਿਨਾਰੇ ਇੱਕ ਕੈਫੇ ਦੇ ਬਾਹਰੋਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਹੋ ਗਈ।
ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਰਘੂਵੰਸ਼ੀ ਨੇ ਇੰਦੌਰ ਵਿੱਚ ਕਿਹਾ ਕਿ ਉਸ ਦੀ ਧੀ ‘100 ਫੀਸਦ ਬੇਗੁਨਾਹ’ ਹੈ। ਉਸ ਨੇ ਮੇਘਾਲਿਆ ਪੁਲਸ ਵੱਲੋਂ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੇਵੀ ਸਿੰਘ ਰਘੂਵੰਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੇਘਾਲਿਆ ਪੁਲਸ ਮੇਰੀ ਧੀ ਬਾਰੇ ਗਲਤ ਬਿਆਨ ਦੇ ਰਹੀ ਹੈ ਕਿਉਂਕਿ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਕਰਕੇ ਸੂਬਾ ਸਰਕਾਰ ਦੀ ਦਿੱਖ ਖਰਾਬ ਹੋ ਰਹੀ ਹੈ। ਮੇਘਾਲਿਆ ਪੁਲਸ ਕੋਲ ਉਸ ਦੀ ਧੀ ਖਿਲਾਫ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਆਪਣੇ ਪਤੀ ਦੇ ਕਤਲ ਦੀ ਸੁਪਾਰੀ ਦਿੱਤੀ ਸੀ।