ਯੋਰੋਸ਼ਲਮ : ਇਜ਼ਰਾਈਲੀ ਫੌਜ ਨੇ ਸੋਮਵਾਰ ਤੜਕੇ ਗ੍ਰੇਟਾ ਥਨਬਰਗ ਅਤੇ ਹੋਰ ਕਾਰਕੁੰਨਾਂ ਨੂੰ ਲੈ ਕੇ ਗਾਜ਼ਾ ਜਾ ਰਹੀ ਕਿਸ਼ਤੀ ਨੂੰ ਰੋਕ ਕੇ ਇਜ਼ਰਾਈਲ ਵੱਲ ਮੋੜ ਦਿੱਤਾ। ਇਸ ਕਿਸ਼ਤੀ ਵਿੱਚ ਖਾਣ-ਪੀਣ ਤੇ ਫਲਸਤੀਨੀ ਲੋਕਾਂ ਦੀ ਸਹਾਇਤਾ ਲਈ ਹੋਰ ਸਾਮਾਨ ਸੀ।
ਵਿਦੇਸ਼ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਇਕ ਸੈਲਫੀ ਯੈਚ (ਕਿਸ਼ਤੀ), ਜਿਸ ਵਿੱਚ ਕੁਝ ਹਸਤੀਆਂ ਸਵਾਰ ਹਨ, ਸੁਰੱਖਿਅਤ ਢੰਗ ਨਾਲ ਇਜ਼ਰਾਈਲ ਦੇ ਸਾਹਿਲ ’ਤੇ ਪਹੁੰਚ ਰਹੀ ਹੈ। ਯਾਤਰੀਆਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਉਮੀਦ ਹੈ।’’ ਪੋਸਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਮੌਜੂਦ ਮਾਨਵੀ ਸਹਾਇਤਾ ਨੂੰ ਸਥਾਪਤ ਚੈਨਲਾਂ ਰਾਹੀਂ ਗਾਜ਼ਾ ਭੇਜਿਆ ਜਾਵੇਗਾ।
ਮੰਤਰਾਲੇ ਨੇ ਮਗਰੋਂ ਇੱਕ ਫੁਟੇਜ਼ ਜਾਰੀ ਕੀਤੀ, ਜਿਸ ਵਿੱਚ ਇਜ਼ਰਾਈਲੀ ਸੁਰੱਖਿਆ ਬਲ ਕਾਰਕੰੁਨਾਂ, ਜਿਨ੍ਹਾਂ ਸੰਤਰੀ ਲਾਈਫ ਜੈਕਟਾਂ ਪਾਈਆਂ ਹੋਈਆਂ ਹਨ, ਨੂੰ ਸੈਂਡਵਿਚ ਅਤੇ ਪਾਣੀ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਫਰੀਡਮ ਫਲੋਟਿਲਾ ਗੱਠਜੋੜ, ਜਿਸ ਨੇ ਗਾਜ਼ਾ ਪੱਟੀ ਨੂੰ ਮਾਨਵੀ ਸਹਾਇਤਾ ਪਹੁੰਚਾਉਣ ਅਤੇ ਇਜ਼ਰਾਈਲ ਦੀ ਨਾਕਾਬੰਦੀ ਅਤੇ ਜੰਗ ਸਮੇਂ ਦੇ ਰਵੱਈਏ ਦਾ ਵਿਰੋਧ ਕਰਨ ਲਈ ਇਹ ਯਾਤਰਾ ਵਿਉਂਤੀ ਸੀ, ਨੇ ਕਿਹਾ ਕਿ ਕਾਰਕੁੰਨਾਂ ਨੂੰ ਇਜ਼ਰਾਈਲੀ ਫੌਜ ਵੱਲੋਂ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਸੁਨੇਹੇ ਜਾਰੀ ਕੀਤੇ ਸਨ। ਵਾਤਾਵਰਨ ਤਬਦੀਲੀ ਖਿਲਾਫ ਮੁਹਿੰਮ ਚਲਾਉਣ ਵਾਲੀ ਥਨਬਰਗ ਉਨ੍ਹਾਂ 12 ਕਾਰਕੰੁਨਾਂ ਵਿਚ ਸ਼ਾਮਲ ਸੀ, ਜੋ ਮੈਡਲੀਨ ਜਹਾਜ਼ ’ਤੇ ਸਵਾਰ ਸਨ। ਇਹ ਜਹਾਜ਼ ਇੱਕ ਹਫਤਾ ਪਹਿਲਾਂ ਸਿਸਿਲੀ ਤੋਂ ਰਵਾਨਾ ਹੋਇਆ ਸੀ। ਰਸਤੇ ਵਿੱਚ ਇਹ ਜਹਾਜ਼ ਵੀਰਵਾਰ ਨੂੰ ਚਾਰ ਪਰਵਾਸੀਆਂ ਨੂੰ ਬਚਾਉਣ ਲਈ ਰੁਕਿਆ ਸੀ, ਜਿਨ੍ਹਾਂ ਲੀਬਿਆਈ ਤੱਟ ਰੱਖਿਅਕਾਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਚਣ ਲਈ ਜਹਾਜ਼ ਤੋਂ ਛਾਲ ਮਾਰ ਦਿੱਤੀ ਸੀ।
ਯੂਰਪੀਅਨ ਸੰਸਦ ਦੀ ਫਰਾਂਸੀਸੀ ਮੈਂਬਰ ਰੀਮਾ ਹਸਨ, ਜੋ ਫਲਸਤੀਨੀ ਮੂਲ ਦੀ ਹੈ, ਵੀ ਜਹਾਜ਼ ’ਤੇ ਸਵਾਰ ਵਲੰਟੀਅਰਾਂ ਵਿੱਚ ਸ਼ਾਮਲ ਸੀ। ਫਲਸਤੀਨੀਆਂ ਪ੍ਰਤੀ ਇਜ਼ਰਾਈਲੀ ਨੀਤੀਆਂ ਦੇ ਵਿਰੋਧ ਕਾਰਨ ਉਸ ਨੂੰ ਇਜ਼ਰਾਈਲ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ।