ਅਧਿਕਾਰੀਆਂ ਦੀ ਬਲੈਕਮੇਲਿੰਗ ਸਹਿਣ ਨਹੀਂ ਕਰਾਂਗੇ : ਮਾਨ

0
15

ਦੂਧਨ ਸਾਧਾਂ (ਪਟਿਆਲਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪੰਜਾਬ ਭਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲ ਕੰਪਲੈਕਸ ਭਿ੍ਰਸ਼ਟਾਚਾਰ ਮੁਕਤ ਹੋਣ ਵੱਲ ਵਧ ਰਹੇ ਹਨ।
ਇੱਥੇ ਨਵੇਂ ਬਣੇ ਤਹਿਸੀਲ ਕੰਪਲੈਕਸ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਮਾਲ ਅਧਿਕਾਰੀ ਸੋਚਦੇ ਸਨ ਕਿ ਉਨ੍ਹਾਂ ਨੂੰ ਭਿ੍ਰਸ਼ਟਾਚਾਰ ਰਾਹੀਂ ਲੋਕਾਂ ਨੂੰ ਲੁੱਟਣ ਦਾ ਦੈਵੀ ਅਧਿਕਾਰ ਹੈ। ਉਨ੍ਹਾ ਕਿਹਾ ਕਿ ਉਹ ਆਮ ਲੋਕਾਂ ਨੂੰ ਛੋਟੇ-ਮੋਟੇ ਕੰਮਾਂ ਲਈ ਵੀ ਪ੍ਰੇਸ਼ਾਨ ਕਰਦੇ ਸਨ ਅਤੇ ਜੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਕੰਮ ਵਿੱਚ ਅੜਿੱਕਾ ਡਾਹੁਣ ਦੀ ਧਮਕੀ ਦਿੰਦੇ ਸਨ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਭਿ੍ਰਸ਼ਟਾਚਾਰ ਮੁਕਤ ਪ੍ਰਸ਼ਾਸਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਹੈ, ਜਿਸ ਕਾਰਨ ਸੂਬਾ ਸਰਕਾਰ ਨੇ ਇਸ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪੰਜਾਬ ਭਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲ ਕੰਪਲੈਕਸ ਭਿ੍ਰਸ਼ਟਾਚਾਰ ਮੁਕਤ ਹੋਣ ਵੱਲ ਵਧ ਰਹੇ ਹਨ। ਉਨ੍ਹਾ ਕਿਹਾ ਕਿ ਮਾਲ ਅਧਿਕਾਰੀ ਸਮੂਹਿਕ ਛੁੱਟੀਆਂ ਜਾਂ ਹੜਤਾਲਾਂ ਦੇ ਬਹਾਨੇ ਆਮ ਆਦਮੀ ਨੂੰ ਪ੍ਰੇਸ਼ਾਨ ਕਰਦੇ ਸਨ, ਪਰ ਸੂਬਾ ਸਰਕਾਰ ਇਨ੍ਹਾਂ ਭਿ੍ਰਸ਼ਟ ਅਧਿਕਾਰੀਆਂ ਅੱਗੇ ਨਹੀਂ ਝੁਕੀ। ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਭਿ੍ਰਸ਼ਟਾਚਾਰ ਨਾਲ ਬਿਲਕੁੱਲ ਲਿਹਾਜ਼ ਨਾ ਵਰਤਣ ਦੀ ਨੀਤੀ ਰੱਖਦੀ ਹੈ ਅਤੇ ਇਨ੍ਹਾਂ ਅਧਿਕਾਰੀਆਂ ਦੀ ਬਲੈਕਮੇਲਿੰਗ ਬਰਦਾਸ਼ਤ ਨਹੀਂ ਕੀਤੀ ਗਈ ਅਤੇ ਭਿ੍ਰਸ਼ਟ ਤੇ ਹੰਕਾਰੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।ਪਟਿਆਲਾ ਦੇ ਸ਼ਾਹੀ ਪਰਵਾਰ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਦੇ ਆਲੇ-ਦੁਆਲੇ ਦਾ ਇਲਾਕਾ ਪੁਰਾਣੇ ਸੱਤਾਧਾਰੀਆਂ ਦੇ ਸੌੜੇ ਹਿੱਤਾਂ ਅਤੇ ਲਾਲਚ ਕਾਰਨ ਵਿਕਾਸ ਪੱਖੋਂ ਪਛੜ ਗਿਆ ਹੈ।
ਉਨ੍ਹਾ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਨੇ ਸ਼ਹਿਰ ਦੀ ਬਦਹਾਲੀ ਦੀ ਕੀਮਤ ਉਤੇ ਆਪਣੇ ਮਹਿਲ ਉਸਾਰੇ। ਇਹ ਹਾਸੋਹੀਣਾ ਹੈ ਕਿ ਸੱਤਾ ਵਿੱਚ ਬੈਠੇ ‘ਮਹਾਰਾਜਾ’ ਸ਼ਹਿਰ ਦੇ ਵਿਕਾਸ ਨਾਲੋਂ ਆਪਣੇ ਵਿਕਾਸ ਬਾਰੇ ਜ਼ਿਆਦਾ ਚਿੰਤਤ ਸਨ। ਮਾਨ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਪਟਿਆਲਾ ਤੋਂ ਆਏ ਪੰਜਾਬ ਦੇ ਸ਼ਾਸਕ ਸ਼ਹਿਰ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਦੇ ਰਹੇ।