ਨਵੀਂ ਦਿੱਲੀ : ਕਾਂਗਰਸ ਨੇ ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਅਣਲਿਖਤ’ ਪ੍ਰੈੱਸ ਕਾਨਫਰੰਸ ਨਾ ਕਰਨ ਨੂੰ ਲੈ ਕੇ ਆਪਣਾ ਹਮਲਾ ਤੇਜ਼ ਕਰ ਦਿੱਤਾ ਅਤੇ ਪੁੱਛਿਆ ਕਿ ਉਹ ਅਜੇ ਵੀ (ਪ੍ਰੈੱਸ ਕਾਨਫਰੰਸ ਤੋਂ) ਭੱਜ ਕਿਉਂ ਰਹੇ ਹਨ। ਪਾਰਟੀ ਨੇ ਪੁੱਛਿਆ ਹੈ ਕਿ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾਂ ਨੂੰ ਸਵਾਲ ਕਰਨ ਵਾਸਤੇ ਅਜਿਹੇ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ, ਜਿਹੜੇ ‘ਖੁਸ਼ਾਮਦੀ ਢੰਗ ਨਾਲ’ ਉਨ੍ਹਾ ਨੂੰ ਸਵਾਲ-ਜਵਾਬ ਕਰ ਸਕਣ।
ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾ ਦੇ 11 ਸਾਲ ਦੇ ਕਾਰਜਕਾਲ ਦੇ ਪੂਰੇ ਹੋਣ ’ਤੇ ਆਪਣੀ ਪਹਿਲੀ ‘ਅਣਲਿਖਤ ਤੇ ਅਗਾਉੂਂ ਪਟਕਥਾ ਰਹਿਤ’ ਪ੍ਰੈੱਸ ਕਾਨਫਰੰਸ ਕਰਨ ਦੀ ਚੁਣੌਤੀ ਦਿੱਤੀ ਹੈ। ਭਾਵ ਅਜਿਹੀ ਪ੍ਰੈੱਸ ਕਾਨਫਰੰਸ, ਜਿਸ ਦੇ ਸਵਾਲ ਤੇ ਜਵਾਬ ਪਹਿਲਾਂ ਤਿਆਰ ਨਾ ਕੀਤੇ ਗਏ ਹੋਣ।
ਉਨ੍ਹਾ ਕਿਹਾ, ‘ਅੱਜ, ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ 11 ਸਾਲ ਦੇ ਚੱਕੀ ਦੇ ਪੱਥਰ (ਮੀਲ ਪੱਥਰ ਨਹੀਂ) ਨੂੰ ਉਜਾਗਰ ਕਰਨ ਲਈ ਦੁਪਹਿਰ 12 ਵਜੇ ਪ੍ਰੈੱਸ ਨੂੰ ਮਿਲਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।ਰਮੇਸ਼ ਨੇ ਐੱਕਸ ’ਤੇ ਕਿਹਾ, ‘ਪ੍ਰਧਾਨ ਮੰਤਰੀ ਅਜੇ ਵੀ ਕਿਉਂ ਭੱਜ ਰਹੇ ਹਨ? ਜਾਂ ਕੀ ਸਵਾਲ-ਜਵਾਬ ਤਿਆਰ ਕਰਨ ਅਤੇ ਉਨ੍ਹਾ ਤੋਂ ‘ਪੁੱਛਗਿੱਛ’ ਕਰਨ ਲਈ ਢੁਕਵੇਂ ਵਿਅਕਤੀਆਂ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ ਜਾਂ ਕੀ ਭਾਰਤ ਮੰਡਪਮ ਪੂਰੀ ਤਰ੍ਹਾਂ ਤਿਆਰ ਨਹੀਂ?’
ਇੱਕ ਹੋਰ ਪੋਸਟ ਵਿੱਚ ਰਮੇਸ਼ ਨੇ ਭਾਜਪਾ ਹੈੱਡਕੁਆਰਟਰ ਵਿੱਚ ਕਰਵਾਈ ਗਈ ਪ੍ਰੈੱਸ ਕਾਨਫਰੰਸ ਦਾ ਹਿੱਸਾ ਨਾ ਬਣਨ ਲਈ ਮੋਦੀ ’ਤੇ ਨਿਸ਼ਾਨਾ ਸੇਧਿਆ। ਰਮੇਸ਼ ਨੇ ਹਿੰਦੀ ਵਿੱਚ ਕੀਤੀ ਪੋਸਟ ਵਿਚ ਕਿਹਾ, ‘‘ਗਿਆਰਾਂ ਸਾਲ ਮਨਾ ਰਹੇ ਹਨ, ਪਰ ਫਿਰ ਵੀ ਪ੍ਰਧਾਨ ਮੰਤਰੀ ਇੱਕ ਅਣਲਿਖਤ ਅਤੇ ਪਹਿਲਾਂ ਤੋਂ ਨਿਰਧਾਰਤ ਪ੍ਰੈੱਸ ਕਾਨਫਰੰਸ ਤੋਂ ‘ਨੌਂ ਦੋ ਗਿਆਰਾਂ’ ਬਣੇ ਹੋਏ ਹਨ। ਭਾਰਤ ਮੰਡਪਮ ਉਨ੍ਹਾ ਦੀ ਉਡੀਕ ਕਰ ਰਿਹਾ ਹੈ।’’