ਪਟਿਆਲਾ : ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ ਉਪਰ ਲੇਜ਼ਰ ਨਾਲ ਵਿਸ਼ੇਸ਼ ਨੰਬਰ ਲਗਾਏ ਜਾਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸਬਸਿਡੀ ਦੇ ਨਾਂਅ ’ਤੇ ਕਾਲਾਬਾਜ਼ਾਰੀ ਨਾ ਹੋ ਸਕੇ। ਧਾਲੀਵਾਲ ਵੀਰਵਾਰ ਪਟਿਆਲਾ ਦੇ ਪਿੰਡ ਦੌਲਤਪੁਰ ਵਿਖੇ ਜੀ ਐੱਸ ਏ ਆਈ ਦੀ ਐਗਰੀਜ਼ੋਨ ਯੂਨਿਟ ਵਿਖੇ ਸੁਪਰਸੀਡਰ ਤੇ ਹੋਰ ਮਸ਼ੀਨਰੀ ਦਾ ਪੰਜਾਬ ਸਰਕਾਰ ਵੱਲੋਂ ਰੱਖੇ ਮਾਪਦੰਡਾਂ ’ਤੇ ਖਰੇ ਉਤਰਨ ਸੰਬੰਧੀ ਮੁਆਇਨਾ ਕਰਨ ਪੁੱਜੇ ਹੋਏ ਸਨ। ਜੀ ਐੱਸ ਏ ਆਈ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਨੇ ਧਾਲੀਵਾਲ ਨੂੰ ਵੱਖ-ਵੱਖ ਸੰਦਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸਾਲ ਪਹਿਲਾਂ ਸੁਪਰਸੀਡਰ ਅਤੇ ਪਰਾਲੀ ਸਾਂਭਣ ਵਾਲੇ ਸੰਦਾਂ ਉਪਰ ਸਬਸਿਡੀ ਮਾਮਲੇ ’ਚ ਵੱਡਾ ਘਪਲਾ ਹੋਇਆ ਸੀ, ਇਸ ਲਈ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਅਜਿਹਾ ਰੋਕਣ ਲਈ ਖੇਤੀ ਮਸ਼ੀਨਰੀ ਉਪਰ ਲੇਜ਼ਰ ਨਾਲ ਵਿਸ਼ੇਸ਼ ਨੰਬਰ ਲਗਾਉਣ ਦੇ ਆਦੇਸ਼ ਦਿੱਤੇ ਹਨ।