ਨਵੀਂ ਦਿੱਲੀ : ਵਿਧਾਨ ਸਭਾ ਸੈਸ਼ਨ ’ਚ ਜ਼ੁਬਾਨੀ ਵੋਟਾਂ ਨਾਲ ਕੇਜਰੀਵਾਲ ਸਰਕਾਰ ਨੇ ਭਰੋਸੇ ਦਾ ਮਤ ਜਿੱਤ ਲਿਆ। ਸਦਨ ’ਚ ਹਾਜ਼ਰ ਆਮ ਆਦਮੀ ਪਾਰਟੀ ਦੇ ਸਾਰੇ 58 ਵਿਧਾਇਕਾਂ ਨੇ ਹਾਂ ਬੋਲ ਕੇ ਅਰਵਿੰਦ ਕੇਜਰੀਵਾਲ ਸਰਕਾਰ ’ਚ ਭਰੋਸਾ ਪ੍ਰਗਟਾਇਆ। ਸਾਰੇ ਵਿਧਾਇਕਾਂ ਨੇ ਖੜ੍ਹੇ ਹੋ ਕੇ ਵੀ ਭਰੋਸੇ ਦੇ ਮਤੇ ਦਾ ਸਾਥ ਦਿੱਤਾ। ਵਿਰੋਧ ’ਚ ਕੋਈ ਵੀ ਵਿਧਾਇਕ ਨਹੀਂ ਆਇਆ, ਕਿਉਂਕਿ ਭਾਜਪਾ ਦੇ ਤਿੰਨ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਬਾਹਰ ਕਰ ਦਿੱਤਾ ਸੀ।
ਕੇਜਰੀਵਾਲ ਨੇ ਮਤੇ ਉੱਤੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ ਸੀ ਬੀ ਆਈ ਦਾ ਛਾਪਾ ਪੁਆ ਕੇ ਗੁਜਰਾਤ ਵਿਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਚਾਰ ਫੀਸਦੀ ਵਧਾ ਦਿੱਤੀਆਂ ਹਨ। ਸਿਸੋਦੀਆ ਨੂੰ ਗਿ੍ਰਫਤਾਰ ਕੀਤਾ ਤਾਂ ਛੇ ਫੀਸਦੀ ਵਧ ਜਾਣਗੀਆਂ ਤੇ ਜੇ ਦੋ ਵਾਰ ਗਿ੍ਰਫਤਾਰ ਕੀਤਾ ਤਾਂ ਗੁਜਰਾਤ ਵਿਚ ਸਰਕਾਰ ਬਣ ਜਾਵੇਗੀ। ਗੁਜਰਾਤ ਅਸੰਬਲੀ ਚੋਣਾਂ ਇਸੇ ਸਾਲ ਹੋਣੀਆਂ ਹਨ।