ਨਵੀਂ ਦਿੱਲੀ : ਦਿੱਲੀ ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਕਥਿਤ ਤੌਰ ’ਤੇ ਸ਼ਾਮਲ ਗੈਂਗਸਟਰਾਂ ਸਮੇਤ ਕਈ ਹੋਰ ਗੈਂਗਸਟਰਾਂ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀ ਏ) ਤਹਿਤ ਦੋ ਕੇਸ ਦਰਜ ਕੀਤੇ ਹਨ। ਇਹ ਕੇਸ ਆਮ ਤੌਰ ’ਤੇ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰਨ ’ਤੇ ਦਰਜ ਕੀਤਾ ਜਾਂਦਾ ਹੈ। ਇਸ ਸੂਚੀ ਵਿਚ ਦਿੱਲੀ ਦੇ ਗੈਂਗਸਟਰ ਵੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਇਹ ਕਦਮ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ, ਜੋ ਕਈ ਦਹਿਸ਼ਤਗਰਦ ਸੰਗਠਨਾਂ ਦੇ ਸੰਪਰਕ ਵਿਚ ਹਨ।
ਪਤਾ ਲੱਗਾ ਹੈ ਕਿ ਦਿੱਲੀ ਪੁਲਸ ਨੇ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਵਿਕਰਮ ਬਰਾੜ ਦੇ ਨਾਲ-ਨਾਲ ਉਨ੍ਹਾਂ ਦੇ ਵਿਰੋਧੀ ਗਰੋਹ ਦੇ ਮੈਂਬਰਾਂ ਦਵਿੰਦਰ ਬੰਬੀਹਾ, ਕੌਸ਼ਲ ਚੌਧਰੀ, ਨੀਰਜ ਬਵਾਨਾ, ਸੁਨੀਲ ਉਰਫ ਟਿੱਲੂ ਤਾਜਪੁਰੀਆ, ਦਿਲਪ੍ਰੀਤ ਅਤੇ ਸੁਖਪ੍ਰੀਤ ਉਰਫ ਬੁੱਢਾ ਖਿਲਾਫ ਯੂ ਏ ਪੀ ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸੂਚੀ ਵਿਚ ਭਗੌੜਾ ਦਹਿਸ਼ਤਗਰਦ ਹਰਵਿੰਦਰ ਰਿੰਦਾ ਵੀ ਸ਼ਾਮਲ ਹੈ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਸਮੇਤ ਹੋਰਨਾਂ ਵਿਰੁੱਧ ਸਖਤ ਕਾਰਵਾਈ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।