ਰੋਹਿੰਗਿਆਂ ਨੂੰ ਸਮੁੰਦਰ ’ਚ ਸੁੱਟਣਾ ਕਰੂਰਤਾ ਦੀ ਸਿਖਰ

0
103

ਨਰਿੰਦਰ ਮੋਦੀ ਇਨ੍ਹੀਂ ਦਿਨੀਂ ਆਪਣੇ 11 ਸਾਲਾਂ ਦੇ ਸੱਤਾ ਸੁੱਖ ਦਾ ਜਸ਼ਨ ਮਨਾ ਰਹੇ ਹਨ। ਇਨ੍ਹਾਂ ਗਿਆਰਾਂ ਸਾਲਾਂ ਦੌਰਾਨ ਜਿਸ ਤਰ੍ਹਾਂ ਵਿਰੋਧੀਆਂ ’ਤੇ ਜ਼ੁਲਮ ਢਾਹੇ ਗਏ ਹਨ, ਉਹ ਹਿਟਲਰ ਵਰਗੇ ਫਾਸ਼ੀ ਹਾਕਮਾਂ ਦੀ ਯਾਦ ਤਾਜ਼ਾ ਕਰ ਦਿੰਦੇ ਹਨ। ਦਾਦਰੀ ਦੇ ਮੁਹੰਮਦ ਇਖਲਾਕ ਤੋਂ ਸ਼ੁਰੂ ਹੋਇਆ ਭੀੜਤੰਤਰੀ ਹੱਤਿਆਵਾਂ ਦਾ ਸਿਲਸਿਲਾ ਹਰਿਆਣੇ ਦੇ ਗਊ ਪਾਲਕ ਪਹਿਲੂ ਖਾਂ ਤੇ ਜੂਨੈਦ ਖਾਂ ਤੋਂ ਹੁੰਦਾ ਹੋਇਆ ਹੁਣ ਤੱਕ ਅਨੇਕਾਂ ਜ਼ਿੰਦਗੀਆਂ ਨੂੰ ਡੀਕ ਚੁੱਕਾ ਹੈ। ਬੁਲਡੋਜ਼ਰ ਧੱਕੇਸ਼ਾਹੀ ਦੀਆਂ ਕਾਰਵਾਈਆਂ ਅੱਜ ਸਮੁੱਚੇ ਦੇਸ਼ ਅੰਦਰ ਇੱਕ ਆਮ ਵਰਤਾਰਾ ਬਣ ਚੁੱਕੀਆਂ ਹਨ। ਅਸਹਿਮਤੀ ਦੀਆਂ ਅਵਾਜ਼ਾਂ ਨੂੰ ਕੁਚਲਣ ਲਈ ਜੇਲ੍ਹਾਂ ਦੇ ਦਰਵਾਜੇ ਖੋਲ੍ਹੇ ਹੋਏ ਹਨ, ਜਿਨ੍ਹਾਂ ਵਿੱਚ ਵਿਚਾਰਵਾਨ ਬੁੱਧੀਜੀਵੀ ਸੜ ਰਹੇ ਹਨ। ਹਰ ਮਸਜਿਦ ਹੇਠ ਮੰਦਰ ਲੱਭੇ ਜਾ ਰਹੇ ਹਨ, ਤਾਂ ਜੋ ਨਫ਼ਰਤ ਦੀ ਅੱਗ ਨੂੰ ਧੁਖਦਾ ਰੱਖਿਆ ਜਾ ਸਕੇ। ਲੋੜ ਪੈਣ ਉੱਤੇ ਇਸ ਅੱਗ ਦੇ ਭਾਂਬੜ ਭੜਕਾ ਕੇ ਮੁਸਲਮਾਨਾਂ ਜਾਂ ਹੋਰ ਵਿਰੋਧੀਆਂ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਖਾਕ ਕਰ ਦੇਣ ਦਾ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ।
ਪਹਿਲਗਾਮ ਵਿੱਚ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਵਹਿਸ਼ੀ ਹੱਤਿਆ ਕਾਂਡ ਨੂੰ ਵੀ ਹਿੰਦੂ ਨਫ਼ਰਤੀ ਗੰੁਡਿਆਂ ਨੇ ਸੁਨਹਿਰੀਮੌਕਾ ਸਮਝ ਕੇ ਫਿਰਕੂ ਅੱਗ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕਸ਼ਮੀਰ ਦੇ ਬਸ਼ਿੰਦਿਆਂ ਨੇ ਬਿਨਾਂ ਮਜ਼ਹਬੀ ਭੇਦਭਾਵ ਜਿਸ ਤਰ੍ਹਾਂ ਪਹਿਲਗਾਮ ਦੀ ਘਟਨਾ ਵਿਰੁੱਧ ਇੱਕਮੁੱਠ ਹੋ ਕੇ ਆਪਣਾ ਰੋਹ ਪ੍ਰਗਟਾਇਆ, ਉਸ ਨੇ ਨਫ਼ਰਤੀ ਹਿੰਦੂਤਵੀਆਂ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਸੀ। ਇਸ ਕਾਰਨ ਇਨ੍ਹਾਂ ਸ਼ਕਤੀਆਂ ਨੇ ਆਪਣੀ ਨਫ਼ਰਤੀ ਮੁਹਿੰਮ ਦਾ ਮੂੰਹ ਉਨ੍ਹਾਂ ਰੋਹੰਗਿਆ ਮੁਸਲਮਾਨਾਂ ਵਲ ਮੋੜ ਦਿੱਤਾ, ਜਿਹੜੇ ਆਪਣੇ ਦੇਸ਼ ਦੇ ਹਾਕਮਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਵਕਤ ਦੇ ਮਾਰੇ ਭਾਰਤ ਵਿੱਚ ਪਨਾਹ ਲੈਣ ਲਈ ਆ ਗਏ ਸਨ। ਇਹ ਭੁੱਲਣਾ ਨਹੀਂ ਚਾਹੀਦਾ ਕਿ ਮੁਸਲਮਾਨਾਂ ਤੇ ਹੋਰ ਘੱਟ ਗਿਣਤੀਆਂ ਵਿਰੁੱਧ ਹੁੰਦੇ ਹਮਲਿਆਂ ਵਿੱਚ ਆਮ ਹਿੰਦੂਤਵੀ ਹਮਲਵਰਾਂ ਦੇ ਨਾਲ ਸਰਕਾਰੀ ਮਸ਼ੀਨਰੀ ਦਾ ਵੱਡਾ ਹਿੱਸਾ ਵੀ ਸ਼ਾਮਲ ਹੁੰਦਾ ਹੈ।
ਉਂਜ ਤਾਂ ਮੋਦੀ ਸਰਕਾਰ ਦੀ ਛਤਰ-ਛਾਇਆ ਹੇਠ ਹਿੰਦੂਤਵੀ ਕਰੂਰਤਾ ਦੀਆਂ ਸਭ ਹੱਦਾਂ ਟਪਦੇ ਰਹੇ ਹਨ, ਪਰ ਰੋਹਿੰਗਿਆ ਮੁਸਲਮਾਨਾਂ ਦਾ ਜੋ ਹਾਲ ਕੀਤਾ ਗਿਆ, ਉਹ ਬੇਹੱਦ ਘਿਨੌਣਾ ਤੇ ਬੇਕਿਰਕ ਹੈ।
ਪਹਿਲਗਾਮ ਦੀ ਘਟਨਾ ਤੋਂ ਬਾਅਦ ਗੋਦੀ ਮੀਡੀਆ ਨੇ ਜਿਹੜੀ ਨਫ਼ਰਤ ਦੀ ਹਨੇਰੀ ਲਿਆਂਦੀ, ਉਸ ਨੇ ਔਖੀਆਂ ਹਾਲਤਾਂ ਵਿੱਚ ਜ਼ਿੰਦਗੀ ਕੱਟ ਰਹੇ ਰੋਹੰਗਿਆਂ ਦਾ ਜਿਉਣਾ ਹਰਾਮ ਕਰ ਦਿੱਤਾ ਸੀ। ਅਫ਼ਸਰਸ਼ਾਹੀ ਪੂਰੀ ਸਰਗਰਮ ਹੋ ਗਈ ਤੇ ਉਨ੍ਹਾਂ ਦੀਆਂ ਝੁੱਗੀਆਂ ’ਤੇ ਬੁਲਡੋਜ਼ਰ ਦਨਦਨਾਉਣ ਲੱਗ ਪਏ। ਗੋਦੀ ਮੀਡੀਆ ਨੇ ਇਨ੍ਹਾਂ ਖ਼ਬਰਾਂ ਵੱਲੋਂ ਦੜ ਵੱਟੀ ਰੱਖੀ, ਪਰ ਸੋਸ਼ਲ ਮੀਡੀਆ ਨੇ ਇਨ੍ਹਾਂ ਘਟਨਾਵਾਂ ਦਾ ਭਾਂਡਾ ਫੋੜ ਦਿੱਤਾ।
‘ਸਰਕਾਲ’ ਦੀ ਇੱਕ ਖੋਜੀ ਰਿਪੋਰਟ ਮੁਤਾਬਕ ਬੀਤੀ 6 ਤੇ 7 ਮਈ ਨੂੰ ਜਦੋਂ ਭਾਰਤ ਤੇ ਪਾਕਿਸਤਾਨ ਵਿੱਚ ਯੁੱਧ ਛਿੜ ਗਿਆ ਤਾਂ ਦਿੱਲੀ ਪੁਲਸ ਨੇ ਰੋਹੰਗਿਆ ਸ਼ਰਨਾਰਥੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਦਿੱਲੀ ਦੀਆਂ ਪੰਜ ਝੁੱਗੀ ਬਸਤੀਆਂ ਹਸਤਮਾਲ, ਉਤਮ ਨਗਰ, ਮਦਨਪੁਰ, ਵਿਕਾਸਪੁਰੀ ਤੇ ਸ਼ਾਹੀਨ ਬਾਗ ਵਿੱਚ ਈਸਾਈ ਤੇ ਮੁਸਲਮਾਨ ਰੋਹੰਗਿਆ ਸ਼ਰਨਾਰਥੀਆਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ 43 ਵਿਅਕਤੀ, ਜਿਨ੍ਹਾਂ ਵਿੱਚ ਮਰਦ, ਔਰਤਾਂ ਤੇ ਬੱਚੇ ਸ਼ਾਮਲ ਸਨ, ਹਿਰਾਸਤ ਵਿੱਚ ਲਏ ਗਏ। ਇਨ੍ਹਾਂ ਵਿੱਚ ਇੱਕ ਵਿਅਕਤੀ ਨੂੰ ਹਸਪਤਾਲ ਵਿੱਚੋਂ ਖਿਚ ਕੇ ਲਿਆਂਦਾ ਗਿਆ, ਜਿੱਥੇ ਉਹ ਆਪਣੀ ਬਿਮਾਰ ਪਤਨੀ ਦੀ ਦੇਖਭਾਲ ਕਰ ਰਿਹਾ ਸੀ। ਇਨ੍ਹਾਂ ਸਭ ਨੂੰ ਕਈ ਘੰਟੇ ਥਾਣੇ ਵਿੱਚ ਭੁੱਖੇ-ਤਿਹਾਏ ਰੱਖ ਕੇ ਇੰਦਰ ਲੋਕ ਸਥਿਤ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ। ਕੁਝ ਸਮੇਂ ਬਾਅਦ ਇਨ੍ਹਾਂ ਨੂੰ ਬੱਸਾਂ ਵਿੱਚ ਭਰ ਕੇ ਹਵਾਈ ਅੱਡੇ ਉੱਤੇ ਲਿਜਾਇਆ ਗਿਆ। ਇੱਥੋਂ ਇਨ੍ਹਾਂ ਵਖਤਾਂ ਮਾਰਿਆਂ ਨੂੰ ਹਵਾਈ ਜਹਾਜ਼ ਵਿੱਚ ਬਿਠਾ ਕੇ ਅੰਡੇਮਾਨ-ਨਿਕੋਬਾਰ ਦੇ ਹਵਾਈ ਅੱਡੇ ਪੋਰਟ ਬਲੇਅਰ ਵਿਖੇ ਲਿਆਂਦਾ ਗਿਆ । ਇੱਥੇ ਉਨ੍ਹਾਂ ਦੇ ਹੱਥਕੜੀਆ ਲਾ ਕੇ ਤੇ ਅੱਖਾਂ ’ਤੇ ਪੱਟੀਆਂ ਬੰਨ੍ਹ ਕੇ ਸੈਨਾ ਦੇ ਸਮੁੰਦਰੀ ਜਹਾਜ਼ ਉੱਤੇ ਚੜ੍ਹਾ ਦਿੱਤਾ ਗਿਆ। ਚਾਰ ਕੁ ਘੰਟਿਆ ਬਾਅਦ ਇਨ੍ਹਾਂ ਦੀਆਂ ਪੱਟੀਆਂ ਹਟਾ ਕੇ ਹੱਥਕੜੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਇਨ੍ਹਾਂ ਸਭ ਨੂੰ ਲਾਈਫ ਜੈਕਟਾਂ ਪਾ ਕੇ ਸਮੁੰਦਰ ਵਿੱਚ ਛਾਲਾਂ ਮਾਰ ਦੇਣ ਲਈ ਮਜਬੂਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਬਜ਼ੁਰਗ, ਔਰਤਾਂ, ਬੱਚੇ ਤੇ ਬਿਮਾਰ ਵੀ ਸ਼ਾਮਲ ਸਨ। ਚੰਗੀ ਕਿਸਮਤ ਨੂੰ ਇਹ ਸਾਰੇ ਸਹੀ-ਸਲਾਮਤ ਕਿਨਾਰੇ ਜਾ ਲੱਗੇ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਇੰਡੋਨੇਸ਼ੀਆ ਭੇਜਿਆ ਜਾ ਰਿਹਾ ਹੈ, ਪਰ ਜਦੋਂ ਉਹ ਕਿਨਾਰੇ ਲੱਗੇ ਤਾਂ ਇਹ ਜਾਣ ਕੇ ਕੰਬ ਗਏ ਕਿ ਉਹ ਉਸੇ ਮਿਆਂਮਾਰ ਵਿੱਚ ਆ ਗਏ ਹਨ, ਜਿਥੋਂ ਜਾਨ ਬਚਾ ਕੇ ਉਹ ਨਿਕਲੇ ਸਨ।
ਮਿਆਂਮਾਰ ਦੀ ਜਲਾਵਤਨ ਸਰਕਾਰ ਦੇ ਇੱਕ ਮੰਤਰੀ ਨੇ ਸਕਰਾਲ ਨੂੰ ਕਿਹਾ ਕਿ ਭਾਰਤ ਵਿੱਚ ਸ਼ਰਨ ਦੀ ਮੰਗ ਕਰਨ ਵਾਲੇ ਰੋਹੰਗਿਆਂ ਨੂੰ ਵਾਪਸ ਭੇਜਣਾ ਉਨ੍ਹਾਂ ਨੂੰ ਨਰਕ ਵਿੱਚ ਧੱਕਣ ਦੇ ਬਰਾਬਰ ਹੈ। ਇਸ ਸੰਬੰਧੀ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਥਾਮਸ ਐਂਡਰਿਊਜ਼ ਨੇ ਕਿਹਾ, ‘ਰੋਹੰਗਿਆ ਨੂੰ ਸੈਨਾ ਦੇ ਜਹਾਜ਼ ਵਿੱਚ ਭਰ ਕੇ ਸਮੁੰਦਰ ਵਿੱਚ ਸੁੱਟ ਦੇਣਾ ਘਿ੍ਰਣਤ, ਗਲਤ ਤੇ ਨਿੰਦਣਯੋਗ ਹੈ।
ਭਾਰਤ ਦੀ ਸ਼ਰਨਾਰਥੀਆਂ ਪ੍ਰਤੀ ਇੱਕ ਗੌਰਵਸ਼ਾਲੀ ਪ੍ਰੰਪਰਾ ਰਹੀ ਹੈ। ਚੀਨ ਦੇ ਤਿਬਤੀਆਂ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਹਿੰਦੂਆਂ ਤੇ ਸ੍ਰੀਲੰਕਾ ਦੇ ਤਾਮਿਲਾਂ ਦਾ ਅਸੀਂ ਦਿਲ ਖੋਲ੍ਹ ਕੇ ਸਵਾਗਤ ਕੀਤਾ ਸੀ। ਆਪਣੇ ਦੇੇਸ਼ਾਂ ਦੇ ਸਤਾਏ ਲੋਕਾਂ ਨੂੰ ਸ਼ਰਨ ਦੇਣੀ ਸਾਡੀ ਪ੍ਰੰਪਰਾ ਰਹੀ ਹੈ। ਯੂ ਐੱਨ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਸੰਸਥਾ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਰੋਹਿੰਗਿਆ ਸ਼ਰਧਾਰਥੀਆਂ ਦੀ ਅਬਾਦੀ ਸਿਰਫ਼ 22,500 ਹੈ। ਇਹ ਲੋਕ ਕੂੜਾ ਚੁਣਨ, ਘਰੇਲੂ ਨੌਕਰੀਆਂ ਤੇ ਦਿਹਾੜੀਆਂ ਕਰਕੇ ਆਪਣਾ ਗੁਜਾਰਾ ਕਰਦੇ ਹਨ। ਸਿਰਫ਼ ਮੁਸਲਮਾਨ ਹੋਣ ਕਾਰਨ ਉਨ੍ਹਾਂ ’ਤੇ ਦਹਿਸ਼ਤਗਰਦ ਹੋਣ ਦਾ ਦੋਸ਼ ਮੜ੍ਹ ਦਿੱਤਾ ਜਾਂਦਾ ਹੈ।
ਮੋਦੀ ਰਾਜ ਅਧੀਨ ਭਾਰਤ ਬਦਲ ਰਿਹਾ ਹੈ। ਸ਼ਰਨ ਮੰਗਣ ਵਾਲਿਆਂ ਨੂੰ ਡਿਟੈਂਸ਼ਨ ਕੈਪਾਂ ਵਿੱਚ ਪਸ਼ੂਆਂ ਵਾਂਗ ਡੱਕ ਦਿੱਤਾ ਜਾਂਦਾ ਹੈ। ਚਲਦੀਆਂ ਗੋਲੀਆਂ ਵਿੱਚ ਉਨ੍ਹਾਂ ਨੂੰ ਸਰਹੱਦਾਂ ਤੋਂ ਬਾਹਰ ਧੱਕ ਦਿੱਤਾ ਜਾਂਦਾ ਹੈ। ਹੁਣ ਸਮੁੰਦਰ ਵਿੱਚ ਸੁੱਟ ਕੇ ਦੇਸ਼ੋਂ ਬਾਹਰ ਕੱਢ ਦੇਣ ਦਾ ਨਵਾਂ ਰਾਹ ਲੱਭ ਲਿਆ ਗਿਆ ਹੈ। ਮੋਦੀ ਸਰਕਾਰ ਹੋਰ ਕਿੰਨਾ ਗਿਰੇਗੀ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ।
– ਚੰਦ ਫਤਿਹਪੁਰੀ