ਅਹਿਮਦਾਬਾਦ : ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ਨੇੜੇ ਮੇਘਾਨੀਨਗਰ ਇਲਾਕੇ ’ਚ ਦੁਪਹਿਰ 2 ਵਜੇ ਦੇ ਕਰੀਬ ਉਡਾਣ ਭਰਨ ਮੌਕੇ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਪੁਲਸ ਮੁਤਾਬਕ ਏਅਰ ਇੰਡੀਆ ਦੀ ਉਡਾਣ ਏ ਆਈ 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ’ਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਹਨ। ਜਹਾਜ਼ ਕੈਪਟਨ ਸੁਮੀਤ ਸੱਭਰਵਾਲ ਦੀ ਅਗਵਾਈ ਹੇਠ ਸੀ। ਉਨ੍ਹਾ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸਨ।ਕੈਪਟਨ ਸੁਮੀਤ ਸੱਭਰਵਾਲ ਇੱਕ ਐੱਲ ਟੀ ਸੀ ਹਨ, ਜਿਨ੍ਹਾ ਕੋਲ 8200 ਘੰਟਿਆਂ ਦਾ ਤਜਰਬਾ ਹੈ।ਸਹਿ-ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਸੀ।
ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਊਂਡਰੀਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਜਾਂਦਾ ਹੈ।ਹਾਦਸਾਗ੍ਰਸਤ ਜਹਾਜ਼ ਇੱਕ ਬੋਇੰਗ 787-8 ਡ੍ਰੀਮਲਾਈਨਰ ਹੈ।ਗੁਜਰਾਤ ਭਾਜਪਾ ਮੁਤਾਬਕ ਜਹਾਜ਼ ’ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਹਿਮਦਾਬਾਦ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਮਗਰੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਹਾਦਸਾਗ੍ਰਸਤ ਜਹਾਜ਼ ’ਚ 169 ਭਾਰਤੀ, 53 ਬਿ੍ਰਟਿਸ਼ ਨਾਗਰਿਕ, ਇੱਕ ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਜਹਾਜ਼ ਵਿਚ 217 ਬਾਲਗ, 11 ਬੱਚੇ ਅਤੇ 2 ਨਵਜਨਮੇ ਬੱਚੇ ਸ਼ਾਮਲ ਸਨ।ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ ਟੇਕ ਆਫ਼ ਦੌਰਾਨ ਹੋਇਆ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਫਾਇਰ ਅਫ਼ਸਰ ਜਯੇਸ਼ ਖਾਦੀਆ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਟੈਂਕਰ ਮੌਕੇ ’ਤੇ ਭੇਜੇ ਗਏ।ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਜ਼ਖਮੀਆਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।ਹਾਦਸੇ ਤੋਂ ਫੌਰੀ ਮਗਰੋਂ ਇਲਾਕੇ ਤੋਂ ਕਾਲੇ ਧੂੰਏਂ ਦਾ ਵੱਡਾ ਗੁਬਾਰ ਉੱਠਦਾ ਦੇਖਿਆ ਗਿਆ।ਐਮਰਜੈਂਸੀ ਟੀਮਾਂ ਫੌਰੀ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ, ਨਿਕਾਸੀ ਅਤੇ ਅੱਗ ਬੁਝਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ।ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 2 ਪਾਇਲਟ ਅਤੇ 10 ਕਰੂ ਅਮਲੇ ਦੇ ਮੈਂਬਰ ਸ਼ਾਮਲ ਸਨ।
ਏਅਰ ਇੰਡੀਆ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਜਹਾਜ਼ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾ ਕਿਹਾ, ‘ਮੈਂ ਬਹੁਤ ਦੁੱਖ ਨਾਲ ਪੁਸ਼ਟੀ ਕਰਦਾ ਹਾਂ ਕਿ ਏਅਰ ਇੰਡੀਆ ਦੀ ਫਲਾਇਟ ਏ ਆਈ-171, ਜੋ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਸੀ, ਇੱਕ ਹਾਦਸੇ ਦਾ ਸ਼ਿਕਾਰ ਹੋ ਗਈ।



