ਈਰਾਨ-ਇਜ਼ਰਾਇਲ ’ਚ ਜੰਗ ਦੇ ਬੱਦਲ

0
118

ਤਹਿਰਾਨ : ਈਰਾਨ ’ਚ ਸ਼ੁੱਕਰਵਾਰ ਵਾਲਾ ਦਿਨ ਜੁੰਮੇ ਦੇ ਚਲਦੇ ਛੁੱਟੀ ਹੁੰਦੀ ਹੈ, ਪਰ ਇਜ਼ਰਾਇਲ ਨੇ ਇਸ ਦਿਨ ਨੂੰ ਹਮਲੇ ਲਈ ਚੁਣਿਆ ਅਤੇ ਤੜਕੇ 3 ਵਜੇ ਤੋਂ ਹੀ ਮਿਜ਼ਾਇਲਾਂ ਨਾਲ ਹਮਲੇ ਹੋ ਰਹੇ ਹਨ। ਇਜ਼ਰਾਇਲ ਨੇ ਤਹਿਰਾਨ ਤੋਂ ਇਲਾਵਾ ਈਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਵੀ ਹਮਲੇ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਈਰਾਨ ਦੇ ਆਰਮੀ ਚੀਫ਼ ਮੁਹੰਮਦ ਬਾਘੇਰੀ ਮਾਰੇ ਗਏ ਹਨ ਤੇ ਉਥੇ ਹੀ ਇਸਲਾਮਿਕ ਰੈਵੋਲੂਸ਼ਨਰੀ ਗਾਰਡਜ਼ ਦੇ ਚੀਫ਼ ਹੁਸੈਨ ਸਲਾਮੀ ਦੀ ਵੀ ਮੌਤ ਹੋ ਗਈ ਹੈ। ਸੂਤਰਾਂ ਵੱਲੋਂ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਜ਼ਰਾਇਲੀ ਹਮਲੇ ’ਚ ਈਰਾਨ ਦੇ 20 ਟਾਪ ਮਿਲਟਰੀ ਕਮਾਂਡਰ ਵੀ ਮਾਰੇ ਗਏ। ਇਸ ਤੋਂ ਬਾਅਦ ਹੁਣ ਇਜ਼ਰਾਇਲ ਨੂੰ ਈਰਾਨੀ ਹਮਲੇ ਦਾ ਡਰ ਸਤਾ ਰਿਹਾ ਹੈ। ਇਸ ਹਮਲੇ ਨੇ ਈਰਾਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਅਮਰੀਕਾ ਨਾਲ ਉਸ ਦੀ ਗੱਲਬਾਤ ’ਤੇ ਪਾਣੀ ਫਿਰ ਗਿਆ ਹੈ। ਈਰਾਨ ਦਾ ਕਹਿਣਾ ਹੈ ਕਿ ਇਜ਼ਰਾਇਲ ਦੇ ਹਮਲਿਆਂ ਦੇ ਪਿੱਛੇ ਅਮਰੀਕਾ ਵੀ ਹੈ, ਜਿਸ ਤੋਂ ਟਰੰਪ ਪ੍ਰਸ਼ਾਸਨ ਨੇ ਇਨਕਾਰ ਕੀਤਾ ਹੈ।
ਇਸੇ ਦੌਰਾਨ ਈਰਾਨ ਨੇ ਇਜ਼ਰਾਇਲ ’ਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਇਲੀ ਹਮਲੇ ਦੇ ਜਵਾਬ ’ਚ ਈਰਾਨ ਨੇ 100 ਡਰੋਨ ਛੱਡੇ। ਉਥੇ ਹੀ ਇਜ਼ਰਾਇਲ ਦਾ ਕਹਿਣਾ ਹੈ ਕਿ ਉਸ ਨੇ ਈਰਾਨ ਤੋਂ ਭੇਜੇ 100 ਡਰੋਨ ਨੂੰ ਅਸਮਾਨ ’ਚ ਹੀ ਮਾਰ ਦਿੱਤਾ ਹੈ। ਅਲੀ ਖਾਮਨੇਈ ਨੇ ਇਜ਼ਰਾਇਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤਹਿਰਾਨ ’ਤੇ ਹਮਲੇ ਦਾ ਹਿਸਾਬ ਖੂਨ ਦੇ ਬਦਲੇ ਖੂਨ ਦੀ ਤਰਜ਼ ’ਤੇ ਲਿਆ ਜਾਵੇਗਾ। ਇਸ ਦੇ ਕੁਝ ਘੰਟੇ ਬਾਅਦ ਹੀ ਈਰਾਨ ਨੇ ਡਰੋਨ ਹਮਲੇ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ ਈਰਾਨ ਨੇ ਬੈਲਿਸਟਿਕ ਮਿਜ਼ਾਇਲਾਂ ਨਾਲ ਹਮਲੇ ਦੀ ਵੀ ਤਿਆਰੀ ਕੀਤੀ ਹੈ।
ਈਰਾਨੀ ਫੌਜ ਦੇ ਬੁਲਾਰੇ ਬਿ੍ਰਗੇਡੀਅਰ ਜਨਰਲ ਅਬੋਲਫਜਲ ਸ਼ੇਕਰਚੀ ਨੇ ਕਿਹਾਇਜ਼ਰਾਇਲ ਨੂੰ ਆਪਣੀ ਗਲਤੀ ਦੀ ਵੱਡੀ ਕੀਮਤ ਚੁਕਾਉਣਗੀ ਪਵੇਗੀ। ਸ਼ੇਕਰਚੀ ਨੇ ਦੋਸ਼ ਲਾਇਆ ਕਿ ਇਜ਼ਰਾਇਲ ਨੇ ਤਹਿਰਾਨ ’ਚ ਰਹਿਣ ਵਾਲੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾ ਹਮਲੇ ਨੂੰ ਸ਼ਰਮਨਾਕ ਦੱਸਦੇ ਹੋਏ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾ ਕਿਹਾ ਕਿ ਅਸੀਂ ਜਵਾਬੀ ਹਮਲੇ ਲਈ ਤਿਆਰ ਹਾਂ। ਇਸੇ ਦੌਰਾਨ ਈਰਾਨ ਦੇ ਰੱਖਿਆ ਮੰਤਰੀ ਅਜ਼ੀਜ਼ ਨਸੀਰਜਾਦੇਹ ਨੇ ਕਿਹਾ ਕਿ ਇਜ਼ਰਾਇਲ ਸਾਡੀ ‘ਕੁਚਲ ਦੇਣ ਵਾਲੀ ਪ੍ਰਤੀਕਿਰਿਆ’ ਦਾ ਇੰਤਜ਼ਾਰ ਕਰੇ। ਸੰਯੁਕਤ ਰਾਸ਼ਟਰ ਨੂੰ ਭੇਜੇ ਗਏ ਇੱਕ ਪੱਤਰ ’ਚ ਈਰਾਨ ਨੇ ਇਸ ਹਮਲੇ ਤੋਂ ਬਾਅਦ ਤਤਕਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਤਹਿਰਾਨ ਨੇ ਇਜ਼ਰਾਇਲੀ ਹਮਲਿਆਂ ਦੀ ਨਿੰਦਾ ਕੀਤੀ। ਯੂ ਐੱਨ ਨੂੰ ਭੇਜੇ ਪੱਤਰ ’ਚ ਈਰਾਨ ਨੇ ਕਿਹਾ, ‘ਇਸਲਾਮਿਕ ਰਿਪਬਲਿਕ ਆਫ਼ ਈਰਾਨ ਇਸ ਕਾਇਰਤਾਪੂਰਨ ਅਤੇ ਗੈਰ-ਕਾਨੂੰਨੀ ਹਮਲਿਆਂ ਦਾ ਜਵਾਬ ਆਪਣੇ ਢੰਗ ਨਾਲ ਦੇਵੇਗਾ। ਈਰਾਨ ਦੇ ਸਿਖਰਲੇ ਨੇਤਾ ਆਯਤਉਲਾ ਅਲੀ ਖਾਮਨੇਈ ਨੇ ਇਜ਼ਰਾਇਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਇਲ ਨੂੰ ਇਸ ਹਮਲੇ ਦਾ ਅੰਜ਼ਾਮ ਭੁਗਤਣਾ ਹੋਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ’ਚ ਕਿਹਾ, ‘ਈਰਾਨ ਦੁਨੀਆ ਭਰ ਦੇ ਇਸਲਾਮਿਕ ਦੇਸ਼ਾਂ, ਗੁੱਟ ਨਿਰਪੇਖ ਅੰਦੋਲਨ (ਐੱਨ ਏ ਐੱਮ) ਦੇ ਮੈਂਬਰ ਦੇਸ਼ਾਂ ਅਤੇ ਉਨ੍ਹਾਂ ਸਾਰੇ ਰਾਸ਼ਟਰਾਂ ਨੂੰ ਅਪੀਲ ਕਰਦਾ ਹੈ, ਜੋ ਵਿਸ਼ਵ ਸ਼ਾਂਤੀ ’ਚ ਵਿਸ਼ਵਾਸ ਰੱਖਦੇ ਹਨ, ਉਹ ਇਸ ਹਮਲੇ ਦੀ ਨਿੰਦਾ ਕਰਨ ਅਤੇ ਮਿਲ ਕੇ ਇਸ ਦਾ ਸਾਹਮਣਾ ਕਰਨ, ਕਿਉਂਕਿ ਇਹ ਸਿਰਫ਼ ਈਰਾਨ ’ਤੇ ਹਮਲਾ ਨਹੀਂ, ਬਲਕਿ ਪੂਰੇ ਖੇਤਰ ਅਤੇ ਵਿਸ਼ਵ ਸ਼ਾਂਤੀ ਲਈ ਖ਼ਤਰੇ ਦੀ ਘੰਟੀ ਹੈ।’
ਭਾਰਤੀ ਦੂਤਾਵਾਸ ਨੇ ਆਪਣੇ ਐੱਕਸ ਅਕਾਊਂਟ ’ਤੇ ਲਿਖਿਆ, ‘ਇਜ਼ਰਾਇਲ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਇਜ਼ਰਾਇਲ ’ਚ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।’ ਦੂਤਾਵਾਸ ਨੇ ਸਲਾਹ ਦਿੱਤੀ ਕਿ ਸਾਰੇ ਭਾਰਤੀ ਨਾਗਰਿਕ ਸਾਵਧਾਨੀ ਵਰਤਣ ਅਤੇ ਦੇਸ਼ ਅੰਦਰ ਜੇ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਕਰਨ ਤੋਂ ਬਚਣ। ਇਸ ਤੋਂ ਇਲਾਵਾ ਸੁਰੱਖਿਆ ਕੈਂਪਾਂ ਦੇ ਨੇੜੇ ਰਹਿਣ।’ ਇਸੇ ਤਰ੍ਹਾਂ ਈਰਾਨ ਨੇ ਵੀ ਭਾਰਤੀਆਂ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਚੌਕਸ ਰਹਿਣ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਸਾਫ ਕੀਤਾ ਹੈ ਕਿ ਅਮਰੀਕਾ ਇਸ ਕਾਰਵਾਈ ਦਾ ਹਿੱਸਾ ਨਹੀਂ। ਉਨ੍ਹਾ ਕਿਹਾ, ‘ਸਾਡੀ ਪ੍ਰਾਥਮਿਕਤਾ ਸਿਰਫ ਆਪਣੇ ਸੈਨਿਕਾਂ ਦੀ ਸੁਰੱਖਿਆ ਹੈ।’