ਦਰਦਨਾਕ ਹਾਦਸਾ

0
127

ਬੀਤੇ ਵੀਰਵਾਰ ਨੂੰ ਏਅਰ ਇੰਡੀਆ ਦਾ ਬੋਇੰਗ 787 ਡਰੀਮਲਾਈਨ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਨ ਭਰਦਿਆਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ 242 ਸਵਾਰ ਮੁਸਾਫ਼ਰਾਂ ਵਿੱਚੋਂ 241 ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਕਰਿਊ ਮੈਂਬਰ ਵੀ ਮਾਰੇ ਗਏ ਹਨ। ਹਾਦਸਾਗ੍ਰਸਤ ਜਹਾਜ਼ ਦੇ ਡਾਕਟਰਾਂ ਦੇ ਹੋਸਟਲ ਉੱਤੇ ਡਿੱਗਣ ਕਾਰਨ ਬਹੁਤ ਸਾਰੇ ਡਾਕਟਰਾਂ ਦੇ ਮਾਰੇ ਜਾਣ ਦੀਆਂ ਵੀ ਖ਼ਬਰਾਂ ਹਨ।
ਹਾਦਸੇ ਦੇ ਕਾਰਨਾਂ ਦਾ ਪਤਾ ਤਾਂ ਬਲੈਕ ਬਾਕਸ ਦੀ ਪੜਤਾਲ ਤੋਂ ਬਾਅਦ ਹੀ ਲੱਗੇਗਾ, ਪਰ ਇਸ ਹਾਦਸੇ ਨੇ ਬੋਇੰਗ 787 ਡਰੀਮਲਾਈਨ ਵਿਚਲੀਆਂ ਖਾਮੀਆਂ ਬਾਰੇ ਪਹਿਲਾਂ ਤੋਂ ਪ੍ਰਗਟ ਕੀਤੀਆਂ ਜਾ ਰਹੀਆਂ ਚਿੰਤਾਵਾਂ ਨੂੰ ਮੁੜ ਸਾਹਮਣੇ ਲੈ ਆਂਦਾ ਹੈ।
ਬੋਇੰਗ 787 ਅਮਰੀਕਾ ਦੀ ਕੰਪਨੀ ਵੱਲੋਂ ਬਣਾਇਆ ਜਾਂਦਾ ਹੈ। ਇਸ ਦੀ ਸੁਰੱਖਿਆ ਬਾਰੇ ਕਈ ਵਾਰ ਸਵਾਲ ਉਠ ਚੁੱਕੇ ਹਨ। ਅਪ੍ਰੈਲ 2024 ਵਿੱਚ ਬੋਇੰਗ ਦੇ ਇੰਜੀਨੀਅਰ ਸੈਮ ਸਾਲੇਹਪੁਰ ਨੇ ਖੁਲਾਸਾ ਕੀਤਾ ਸੀ ਕਿ 787 ਡਰੀਮਲਾਈਨ ਦੇ ਫਿਊਜ਼ਲੈਜ ਨੂੰ ਜੋੜਨ ਦੀ ਪ੍ਰਕਿਰਿਆ ਵਿੱਚ ਖਾਮੀਆਂ ਹਨ, ਜਿਸ ਕਾਰਨ ਜਹਾਜ਼ ਦਾ ਢਾਂਚਾ ਕਮਜ਼ੋਰ ਪੈ ਸਕਦਾ ਹੈ। ਸਾਲੇਹਪੁਰ ਨੇ ਦਾਅਵਾ ਕੀਤਾ ਸੀ ਕਿ ਪ੍ਰੋਡਕਸ਼ਨ ਵਿੱਚ ‘ਸਾਰਟਕੱਟਸ’ ਕੀਤੇ ਗਏ ਹਨ, ਜਿਸ ਨਾਲ ਜਹਾਜ਼ ਦੇ ਜੋੜਾਂ ’ਤੇ ਵਾਧੂ ਦਬਾਅ ਪੈਂਦਾ ਹੈ, ਜੋ ਸਮਾਂ ਬੀਤਣ ਬਾਅਦ ਵੱਡੇ ਸੰਕਟ ਦਾ ਕਾਰਨ ਬਣ ਸਕਦਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਚਿੰਤਾ ਨੂੰ ਕੰਪਨੀ ਨੇ ਨਜ਼ਰਅੰਦਾਜ਼ ਕਰ ਦਿੱਤਾ, ਉਸ ਨੂੰ ਬੋਇੰਗ 787 ਦੇ ਪ੍ਰੋਜੈਕਟ ਤੋਂ ਹਟਾ ਕੇ ਦੂਜੇ ਪ੍ਰੋਜੈਕਟ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਸਾਲੇਹਪੁਰ ਦੇ ਦੋਸ਼ਾਂ ਤੋਂ ਬਾਅਦ ਅਮਰੀਕੀ ਏਵੀਏਸ਼ਨ ਅਥਾਰਟੀ ਵੱਲੋਂ ਇਸ ਦੀ ਜਾਂਚ ਕੀਤੀ ਗਈ ਸੀ। ਮਈ 2024 ਵਿੱਚ ਏਵੀਏਸ਼ਨ ਅਥਾਰਟੀ ਨੇ ਦੇਖਿਆ ਕਿ ਦੱਖਣੀ ਕੈਰੋਲੀਨਾ ਪਲਾਂਟ ਦੇ ਕਰਮਚਾਰੀਆਂ ਵੱਲੋਂ ਵਿੰਗ ਟੂ ਫਿਊਜ਼ਲੈਜ ਦੇ ਜੋੜਾਂ ਦੀ ਜਾਂਚ ਕੀਤੇ ਬਿਨਾਂ ਹੀ ਰਿਕਾਰਡ ਵਿੱਚ ਇਹ ਜਾਂਚ ਕੀਤੇ ਜਾਣਾ ਦਰਜ ਕੀਤਾ ਗਿਆ ਸੀ। ਇਸ ਗਲਤ ਕਾਰਵਾਈ ਨੂੰ ਬੋਇੰਗ ਕੰਪਨੀ ਨੇ ਮੰਨਿਆ ਵੀ ਸੀ, ਪਰ ਨਾਲ ਹੀ ਕਿਹਾ ਕਿ ਇਹ ਉੱਡਣ ਸੁਰੱਖਿਆ ਲਈ ਤੁਰੰਤ ਖ਼ਤਰਾ ਨਹੀਂ ਹੈ। ਅਥਾਰਟੀ ਨੇ ਕੰਪਨੀ ਨੂੰ ਰਹਿੰਦੇ 787 ਜਹਾਜ਼ਾਂ ਦੀ ਦੁਬਾਰਾ ਜਾਂਚ ਕਰਨ ਤੇ ਸੇਵਾ ਵਿੱਚ ਲੱਗੇ ਜਹਾਜ਼ਾਂ ਦੀ ਜਾਂਚ ਲਈ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਆਦੇਸ਼ ਦੀ ਪਾਲਣਾ ਹੋਈ ਜਾਂ ਨਹੀਂ, ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਬੋਇੰਗ 787 ਡਰੀਮਲਾਈਨ ਦਾ ਇਤਿਹਾਸ ਵਿਵਾਦਾਂ ਨਾਲ ਭਰਿਆ ਹੋਇਆ ਹੈ। 2013 ਵਿੱਚ ਬੈਟਰੀਆਂ ਦੀ ਸਮੱਸਿਆ, ਫਿਊਲ ਰਿਸਣ ਤੇ ਬਰੇਕਾਂ ਵਿਚਲੀਆਂ ਖਾਮੀਆਂ ਕਾਰਣ ਕਈ ਦੇਸ਼ਾਂ ਨੇ ਇਨ੍ਹਾਂ ਦਾ ਚਲਣ ਬੰਦ ਕਰ ਦਿੱਤਾ ਸੀ। 2021 ਵਿੱਚ ਏਵੀਏਸ਼ਨ ਅਥਾਰਟੀ ਨੇ ਇਸ ਵਿਚਲੀਆਂ ਖਾਮੀਆਂ ਕਾਰਨ ਇਸ ਦੀ ਡਲਿਵਰੀ ਉੱਤੇ 2022 ਤੱਕ ਰੋਕ ਲਾ ਦਿੱਤੀ ਸੀ। ਕੁਝ ਸਮਾਂ ਪਹਿਲਾਂ ਹੀ ਮਾਰਚ 2024 ਵਿੱਚ ਲੈਟਮ ਏਅਰਲਾਈਨਜ਼ ਦਾ ਇੱਕ 787 ਜਹਾਜ਼ ਅਚਾਨਕ ਹਵਾ ਵਿੱਚ ਗੋਤਾ ਖਾ ਗਿਆ ਸੀ, ਜਿਸ ਕਾਰਨ 50 ਤੋਂ ਵੱਧ ਮੁਸਾਫ਼ਰ ਜ਼ਖ਼ਮੀ ਹੋ ਗਏ ਸਨ। ਬੋਇੰਗ ਦੇ ਦੂਜੇ ਜਹਾਜ਼ ਵੀ ਸੁਰੱਖਿਆ ਕਾਰਨਾਂ ਕਰਕੇ ਵਿਵਾਦਾਂ ਵਿੱਚ ਰਹੇ ਹਨ। 2018 ਵਿੱਚ ਲਾਈਨ ਏਅਰ ਫਲਾਈਟ 610 ਤੇ 2019 ਵਿੱਚ ਇਥੋਪੀਅਨ ਏਅਰਲਾਈਨਜ਼ ਫਲਾਈਟ 302 ਦੇ ਹਾਦਸਿਆਂ ਵਿੱਚ 346 ਵਿਅਕਤੀਆਂ ਨੇ ਜਾਨ ਗੁਆ ਦਿੱਤੀ ਸੀ।
ਮਾਰਚ 2024 ਵਿੱਚ ‘ਨਿਊਯਾਰਕ ਟਾਈਮਜ਼’ ਨੇ ਰਿਪੋਰਟ ਛਾਪੀ ਸੀ ਕਿ ਬੋਇੰਗ ਤਕਰੀਬਨ ਤਿੰਨ ਦਰਜਨ ਆਡਿਟਾਂ ਵਿੱਚ ਫੇਲ੍ਹ ਰਿਹਾ ਹੈ। ਉਸੇ ਮਹੀਨੇ ਅਮਰੀਕੀ ਨਿਆਂ ਵਿਭਾਗ ਨੇ ਬੋਇੰਗ ਕੰਪਨੀ ਵਿਰੁੱਧ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਕੰਪਨੀ ਨੇ ਖੁਦ ਇਹ ਜਾਣਕਾਰੀ ਦਿੱਤੀ ਸੀ ਕਿ ਕੁਝ 787 ਡਰੀਮਲਾਈਨ ਜਹਾਜ਼ਾਂ ਦੇ ਖੰਭਾਂ ਤੇ ਮੁੱਖ ਢਾਂਚੇ ਦੇ ਜੋੜਾਂ ਵਾਲੇ ਹਿੱਸਿਆਂ ਦੀ ਸੁਰੱਖਿਆ ਜਾਂਚ ਪੂਰੀ ਨਹੀਂ ਕੀਤੀ ਹੋ ਸਕਦੀ। ਕੰਪਨੀ ਦੀ ਇਹ ਚਿਤਾਵਨੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਅਹਿਮਦਾਬਾਦ ਦਾ ਹਾਦਸਾ 787 ਡਰੀਮਲਾਈਨ ਦਾ ਵੱਡਾ ਹਾਦਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਭਰ ਵਿੱਚ ਜਿੱਥੇ ਵੀ 787 ਡਰੀਮਲਾਈਨ ਦੀ ਵਰਤੋਂ ਹੋ ਰਹੀ ਹੈ, ਉਸ ਦਾ ਸੁਰੱਖਿਆ ਆਡਿਟ ਮੁੜ ਤੋਂ ਕੀਤਾ ਜਾਣਾ ਚਾਹੀਦਾ ਹੈ। ਇਹ ਹਕੀਕਤ ਹੈ ਕਿ ਬੋਇੰਗ ਵਰਗੀਆਂ ਕੰਪਨੀਆਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲੋਂ ਆਪਣਾ ਮੁਨਾਫ਼ਾ ਵੱਧ ਪਿਆਰਾ ਹੁੰਦਾ ਹੈ। ਇਸ ਲਈ ਮਨੁੱਖੀ ਜ਼ਿੰਦਗੀਆਂ ਦੀ ਸੁਰੱਖਿਆ ਦੇ ਮਸਲੇ ਨੂੰ ਕਾਰਪੋਰੇਟ ਮੁਨਾਫਾਖੋਰਾਂ ’ਤੇ ਨਾ ਛੱਡ ਕੇ ਇਸ ਦੀ ਜ਼ਿੰਮੇਵਾਰੀ ਸਰਕਾਰਾਂ ਨੂੰ ਚੁੱਕਣੀ ਚਾਹੀਦੀ ਹੈ।
-ਚੰਦ ਫਤਿਹਪੁਰੀ